ਮੋਹਾਲੀ, 25 ਸਤੰਬਰ 2023- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ ਵੱਲੋਂ ਕੈਂਪਸ ਵਿਚ ਸਵੈ ਰੁਜ਼ਗਾਰ ਤਿੰਨ ਦਿਨਾ ਉਦਮਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ ਨੌਕਰੀ ਕਰਨ ਦੀ ਬਜਾਏ ਆਪਣਾ ਸਟਾਰਟ ਅੱਪ ਸ਼ੁਰੂ ਕਰਨ ਲਈ ਤਿਆਰ ਕਰਨਾ ਸੀ । ਇਸ ਦੇ ਨਾਲ ਹੀ ਮੈਨੇਜਮੈਂਟ ਦੇ ਵਿਦਿਆਰਥੀਆਂ ਅੰਦਰ ਨਵੀਨਤਾ, ਉਦਮਤਾ, ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਧਾਉਣ ਲਈ ਬਿਹਤਰੀਨ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤਿੰਨ ਦਿਨਾਂ ਸੰਮੇਲਨ ਵਿਚ ਵਪਾਰ ਜਗਤ ਦੇ ਸਫਲ ਉੱਦਮੀਆਂ ਨੇ ਸ਼ਿਰਕਤ ਕਰਦੇ ਹੋਏ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸੇ ਦੇ ਨਾਲ ਹੀ ਇਨ੍ਹਾਂ ਉੱਦਮੀਆਂ ਦੀਆਂ ਸਫਲ ਜ਼ਿੰਦਗੀ ਦੇ ਪਹਿਲੂਆਂ ਨੂੰ ਸਮਝਦੇ ਹੋਏ ਵਿਦਿਆਰਥੀਆਂ ਨੇ ਉੱਦਮੀਆਂ ਦੇ ਜੀਵਨ ਤੋਂ ਸੇਂਦ ਹਾਸਿਲ ਕੀਤੀ। ਡਾ. ਵਿਸ਼ਾਲ ਸਾਗਰ, ਡਾਇਰੈਕਟਰ ਸੀ ਐੱਸ ਬੀ ਅਤੇ ਡੀਨ ਡਾ. ਨਿਖਿਲ ਮੋਂਗਾ ਨੇ ਸਭ ਉੱਦਮੀਆਂ ਦਾ ਸਵਾਗਤ ਕੀਤਾ। ਇਸ ਵਰਕਸ਼ਾਪ ਦੇ ਪਹਿਲੇ ਦਿਨ ਪੇ ਟੀ ਐਮ ਦੇ ਸਾਬਕਾ ਪ੍ਰੈਜ਼ੀਡੈਂਟ ਅਤੇ ਫਨ ਟੂ ਡੂ ਲੈਬਜ਼ ਦੇ ਸੰਸਥਾਪਕ ਸੌਰਭ ਜੈਨ ਨੇ ਸ਼ਿਰਕਤ ਕਰਦੇ ਹੋਏ ਆਪਣੀ ਜੀਵਨ ਕਹਾਣੀ ਸਾਂਝੀ ਕਰਦੇ ਹੋਏ ਸਫਲਤਾ ਦੇ ਮੰਤਰ ਸਾਂਝੇ ਕੀਤੇ।
ਸੌਰਭ ਜੈਨ ਨੇ ਕਾਰਪੋਰੇਟ ਜਗਤ ਵਿਚ ਨੌਕਰੀ ਕਰਨ ਤੋਂ ਸਵੈ ਰੁਜ਼ਗਾਰ ਵੱਲ ਮੁੜਨ ਦੀਆਂ ਚੁਨੌਤੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਤੋਂ ਸਬਕ ਸਿੱਖਣ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ, ਅਲਾਇੰਸ ਆਫ਼ ਡਿਜੀਟਲ ਇੰਡੀਆ ਫਾਊਂਡੇਸ਼ਨ ਦੇ ਐਸੋਸੀਏਟ ਡਾਇਰੈਕਟਰ ਪ੍ਰਤੀਕ ਨੇ ਸਟਾਰਟ ਅੱਪ ਈਕੋਸਿਸਟਮ ਵਿਚ ਇਨਕਿਊਬੇਸ਼ਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੂਜੇ ਦਿਨ ਗਲੋਬਲ ਬਿਜ਼ਨਸ ਡਿਵੈਲਪਮੈਂਟ ਐਂਡ ਬਿਜ਼ਨਸ ਕੰਸਲਟੈਂਟ ਦੀ ਜਨਰਲ ਮੈਨੇਜਰ ਰਿਮਝਿਮ ਮੁਖਰਜੀ ਉੱਦਮੀ ਭਾਵਨਾ ਅਤੇ ਇਸ ਦੇ ਵੱਖ-ਵੱਖ ਪੜਾਵਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਬਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਉੱਦਮੀ ਲੈਂਡਸਕੇਪ ਵਿਚ ਨਿਰੰਤਰਤਾ, ਅਨੁਕੂਲਤਾ ਅਤੇ ਸਿਰਜਣਾਤਮਿਕ ਸੋਚ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉੱਦਮੀ ਸਮਰੱਥਾ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ। ਤੀਜੇ ਅਤੇ ਆਖ਼ਰੀ ਦਿਨ ਪੰਜਾਬ ਏਂਜਲਸ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਸੀ ਏ ਸਾਹਿਲ ਮੱਕੜ ਨੇ ਸਵੈਂਰੁਜ਼ਗਾਰ ਸ਼ੁਰੂ ਕਰਨ ਵਿਚ ਆਉਣ ਵਾਲੀਆਂ ਨਾਜ਼ੁਕ ਅੜਚਣਾਂ ਤੇ ਚਰਚਾ ਕਰਦੇ ਹੋਏ ਉਸ ਦੇ ਹੱਲ ਸਾਂਝੇ ਕੀਤੇ।