ਸਰੀ – ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੀ ਖੁਰਾਕ ਦੇ ਕਿਸੇ ਵੀ ਗਲਤ ਰੀਐਕਸ਼ਨ ਸੰਬੰਧੀ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਅਜੇ ਤੱਕ ਇਸ ਦਾ ਕੋਈ ਗੰਭੀਰ ਸਾਈਡ-ਇਫੈਕਟ ਉਜਾਗਰ ਨਹੀਂ ਹੋਏ ਹਨ। ਡੋਜ਼ ਹਾਸਿਲ ਕਰਨ ਵਾਲੇ ਕਰੀਬ 10% ਲੋਕਾਂ ਨੂੰ ਕੁਝ ਥਕਾਵਟ ਜਾਂ ਕੁਝ ਦਰਦ ਜਿਹੇ ਲੱਛਣ ਮਹਿਸੂਸ ਹੋਏ ਸਨ। ਇਸੇ ਦੌਰਾਨ ਕੈਨੇਡਾ ਦੀ ਪ੍ਰੋਕਿਓਰਮੈਂਟ ਮੰਤਰੀ, ਅਨੀਤਾ ਅਨੰਦ ਨੇ ਕਿਹਾ ਹੈ ਕਿ ਵੈਕਸੀਨ ਨੂੰ ਸਥਾਪਿਤ ਕੀਤੇ ਜਾਣ ਅਤੇ ਇਸ ਦੀ ਡਿਲਿਵਰੀ ਕਰਨੀ, ਪਬਲਿਕ ਅਤੇ ਪ੍ਰਾਈਵੇਟ ਖੇਤਰ ਵਿਚ ਕਈ ਮਹੀਨੇ ਕੀਤੀ ਮਿਹਨਤ ਦਾ ਨਤੀਜਾ ਹੈ। ਇਹਨਾਂ ਹੀ ਕੋਸ਼ਿਸ਼ਾਂ ਸਦਕਾ ਇਹ ਡਿਲਿਵਰੀਆਂ ਅੱਗੇ ਵੀ ਜਾਰੀ ਰਹਿਣਗੀਆਂ।ਉਨ੍ਹਾਂ ਕਿਹਾ ਕਿ ਸਿਤੰਬਰ ਦੇ ਅੰਤ ਤੱਕ ਵੱਧ ਤੋਂ ਵੱਧ ਕਨੇਡੀਅਨ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਟੀਚਾ ਹੈ ਅਤੇ ਕੈਨੇਡਾ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਵੈਕਸੀਨਾਂ ਦੀ ਵਧੇਰੇ ਡਿਲਿਵਰੀ ਨੂੰ ਪੁਖਤਾ ਕੀਤਾ ਜਾ ਸਕੇ। ਪਰ ਉਨ੍ਹਾਂ ਕਿਹਾ ਕਿ ਅਜੇ ਕੋਵਿਡ-19 ਖਿਲਾਫ਼ ਜੰਗ ਜਿੱਤਣ ਦਾ ਐਲਾਨ ਕਰਨਾ ਅਜੇ ਸਹੀ ਨਹੀਂ ਹੋਵੇਗਾ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਬੀ.ਸੀ. ਵਿਚ ਮੰਗਲਵਾਰ ਤੋਂ ਵੈਕਸੀਨੇਸ਼ਨ ਸ਼ੁਰੂ ਹੋਣ ਤੋਂ ਬਾਅਦ, ਹੁਣ ਤੱਕ 2,592 ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਪ੍ਰਦਾਨ ਕੀਤੀ ਜਾ ਚੁੱਕੀ ਹੈ।