ਔਕਲੈਂਡ, 26 ਜੁਲਾਈ 2020 – ਨਿਊਜ਼ੀਲੈਂਡ ਘੁੰਮਣ ਆਏ ਬਹੁਤੇ ਸੈਲਾਨੀ ਇਸ ਦੇਸ਼ ਦੀ ਸੁੰਦਰਤਾ ਦੇ ਕਾਇਲ ਤਾਂ ਹੁੰਦੇ ਹੀ ਹਨ ਪਰ ਉਹ ਯਾਦਾਂ ਦਾ ਟੋਕਰਾ ਭਰ ਕੇ ਆਪਣੇ ਵਤਨੀ ਵੀ ਵਾਪਿਸ ਲੈ ਮੁੜਦੇ ਹਨ। ਭਾਰਤ ਤੋਂ ਇਥੇ ਪੜ੍ਹਦੇ ਬੱਚਿਆਂ ਦੇ ਮਾਪੇ ਜਦੋਂ ਇਥੇ ਆਉਂਦੇ ਹਨ ਤਾਂ ਜਿੰਨੇ ਵੀ ਮਹੀਨੇ ਉਹ ਰਹਿੰਦੇ ਹਨ ਤਾਂ ਇਥੇ ਦੇ ਸਾਰੇ ਸਿਸਟਮ ਨੂੰ ਆਪਣੇ ਵਤਨ ਦੇ ਸਿਸਟਮ ਨਾਲ ਜੋੜ ਕੇ ਹਉਂਕੇ ਜਰੂਰ ਭਰਦੇ ਹਨ ਪਰ ਚਾਹੁੰਦਿਆ ਹੋਇਆਂ ਵੀ ਉਹ ਵਾਪਿਸੀ ਉਤੇ ਜਿਆਦਾ ਕੁਝ ਨਹੀਂ ਕਰ ਸਕਦੇ। ਸੋ ਆਪਣੀ ਗੱਲ ਕਿਵੇਂ ਦੇਸ਼ ਦੇ ਹੁਕਮਰਾਨਾ ਤੱਕ ਪਹੁੰਚਾਈ ਜਾਵੇ ਇਕ ਵਧੀਆ ਸਾਧਨ ਹੈ ਕਿ ਇਨ੍ਹਾਂ ਯਾਦਾਂ ਨੂੰ ਸਵਾਦਾਂ ਨਾਲ ਲਿਖ ਕੇ ਇਕ ਕਿਤਾਬ ਛਾਪ ਦਿਓ ਹੋ ਸਕਦਾ ਹੈ ਇਹ ਅੱਖਰ ਤੁਰਦੇ-ਤੁਰਦੇ ਕਿਤੇ ਸਰਕਾਰੀ ਦਰਬਾਰੇ ਜਾ ਕੇ ਬੋਲਣ ਲੱਗਣ।
ਕੁਝ ਸਮਾਂ ਇਥੇ ਪੰਜਾਬ ਤੋਂ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਰਤਾ-ਧਰਤਾ ਸ. ਹਰਗੋਬਿੰਦ ਸਿੰਘ ਸ਼ੇਖਪੁਰੀਆ (ਸੀਨੀਅਰ ਫਾਰਮਾਸਿਸਟ) ਇਥੇ ਆਏ ਸਨ। ਉਹ ਜਿੰਨਾ ਸਮਾਂ ਇਥੇ ਰਹੇ ਸਾਰਾ ਕੁਝ ਨਾਲੋ-ਨਾਲ ਸ਼ਬਦਾਂ ਦੇ ਵਿਚ ਪਰੋਅ ਕਿ ਮਾਲਾ ਬਣਾ ਕੇ ਵਾਪਿਸ ਲੈ ਗਏ ਅਤੇ ਹੁਣ ਉਨ੍ਹਾਂ ਇਨ੍ਹਾਂ ਯਾਦਾਂ ਦੀ ਕਿਤਾਬ ‘ਨਿਊਜ਼ੀਲੈਂਡ ਦੀਆਂ ਨਿਆਮਤਾਂ’ ਦੇ ਰੂਪ ਵਿਚ ਛਾਪ ਦਿੱਤੀ ਹੈ। ਇਹ ਕਿਤਾਬ ਅੱਜ ਉਨ੍ਹਾਂ ਦੇ ਪੁੱਤਰ ਸ. ਗੁਰਜਿੰਦਰ ਸਿੰਘ ਗੈਰੀ ਮਾਨ ਦੇ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਹਫਤਾਵਾਰੀ ਦੀਵਾਨ ਵੇਲੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੈਨੇਜਮੈਂਟ ਤੋਂ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਬਲਬੀਰ ਸਿੰਘ ਬਸਰਾ, ਸ. ਬੇਅੰਤ ਸਿੰਘ ਜਾਡੋਰ, ਸ. ਜਗਜੀਤ ਸਿੰਘ, ਸ. ਜਗਦੇਵ ਸਿੰਘ ਸਿੱਧੂ, ਸ. ਰੇਸ਼ਮ ਸਿੰਘ, ਸ. ਗੁਰਦੀਪ ਸਿੰਘ, ਮਹਾਂਬੀਰ ਸਿੰਘ ਅਤੇ ਹੋਰ ਕਈ ਮੈਂਬਰ ਹਾਜ਼ਿਰ ਸਨ। ਇਸ ਕਿਤਾਬ ਦਾ ਮੁੱਖ ਬੰਦ ਸ. ਅਮਰਜੀਤ ਸਿੰਘ ਮੁੱਖ ਸੰਪਾਦਕ ਕੂਕ ਪੰਜਾਬੀ ਸਮਾਚਾਰ ਨੇ ਲਿਖਿਆ ਹੈ, ਦੋ ਸ਼ਬਦ ਸਪਾਈਸ ਰੇਡੀਓ ਦੇ ਸੰਚਾਲਕ ਨਵਤੇਜ ਰੰਧਾਵਾ ਤੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸ਼ਾਮਿਲ ਕੀਤੇ ਹਨ ਜਦੋਂ ਕਿ ਇਸ ਸਫ਼ਰਨਾਮਾ ਪੁਸਤਕ ਦਾ ਪਿਛਲਾ ਪੰਨਾ ਸ. ਹਰਜਿੰਦਰ ਸਿੰਘ ਬਸਿਆਲਾ ਮੁੱਖ ਸੰਪਾਦਕ ਪੰਜਾਬੀ ਹੈਰਲਡ ਵੱਲੋਂ ਲਿਖਿਆ ਗਿਆ ਹੈ । ਨਿਊਜ਼ੀਲੈਂਡ ਦਾ ਅੱਖੀ ਡਿੱਠਾਂ ਹਾਲ ਇਸ ਕਿਤਾਬ ਦੇ ਵਿਚ ਕੁਮੈਂਟਰੀ ਵਾਂਗ ਬੋਲਦਾ ਹੈ ਅਤੇ ਪਾਠਕਾਂ ਦੇ ਵਾਸਤੇ ਬਹੁਤ ਹੀ ਦੇਸ਼ ਦੇ ਸੁਹੱਪਣ ਪ੍ਰਤੀ ਜਾਣਕਾਰੀ, ਭਾਰਤੀ ਲੋਕਾਂ ਦੀ ਮੇਜ਼ਬਾਨੀ ਅਤੇ ਉਨ੍ਹਾਂ ਦੇ ਅਦਾਰਿਆਂ ਦੀ ਗੱਲਬਾਤ ਕੀਤੀ ਗਈ ਹੈ।