ਸ੍ਰੀ ਮੁਕਤਸਰ ਸਾਹਿਬ, 26 ਜੁਲਾਈ 2020-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤਹਿਤ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ ਤੇ ਉਲੰਘਣਾ ਕਰਨ ਵਾਲਿਆਂ ‘ਤੇ ਜੁਰਮਾਨੇ ਦਾ ਫੈਸਲਾ ਵੀ ਕੀਤਾ ਗਿਆ ਹੈ, ਪਰ ਸ੍ਰੀ ਮੁਕਤਸਰ ਸਾਹਿਬ ਹਲਕੇ ‘ਚ ਮੌਜੂਦਾ ਸਰਕਾਰ ਦੇ ਆਪਣੇ ਹੀ ਨੁਮਾਇੰਦੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਤਰ੍ਹਾਂ ਧੱਜੀਆਂ ਉੱਡਾ ਰਹੇ ਹਨ, ਇਸਦੀ ਤਾਜ਼ਾ ਉਦਾਹਰਨ ਜ਼ਿਲ੍ਹੇ ਦੇ ਪਿੰਡ ਚੌਂਤਰਾ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਕਾਂਗਰਸੀ ਆਗੂਆਂ ਵੱਲੋਂ ਜਨਤਕ ਇਕੱਠ ਕਰਕੇ ਸ਼ਰ੍ਹੇਆਮ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ, ਜਿਸ ਦੀਆਂ ਬਾਅਦ ਵਿੱਚ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਹਨ। ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਬਰੀਵਾਲਾ ਦੇ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ ਵੱਲੋਂ ਦਿੱਤੇ ਗਏ ਬਿਆਨਾਂ ‘ਤੇ ਪੁਲਿਸ ਨੇ ਪਿੰਡ ਚੌਂਤਰਾ ਵਿਖੇ ਜਨਤਕ ਇਕੱਠ ਕਰਕੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ, ਬਲਾਕ ਸੰਮਤੀ ਮੈਂਬਰ ਮਨਿੰਦਰ ਸਿੰਘ ਮਨੀ ਚੜੇਵਾਨ ਸਮੇਤ ਇਕੱਠ ‘ਚ ਸ਼ਾਮਲ ਕਰੀਬ 23-24 ਅਣਪਛਾਤਿਆਂ ‘ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਜਿੱਥੇ ਵਰਕਰਾਂ ਦਾ ਭਾਰੀ ਇਕੱਠ ਕੀਤਾ ਸੀ, ਉਥੇ ਹੀ ਸਮਾਜਿਕ ਦੂਰੀ ਤੇ ਮਾਸਕ ਦੀ ਵਰਤੋਂ ਵੀ ਨਹੀਂ ਸੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।