ਅੰਮ੍ਰਿਤਸਰ – ਯੂਰਪੀ ਦੇਸ਼ ਆਸਟਰੀਆ ਅੰਦਰ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ। ਆਸਟਰੀਆ ਦੀਆਂ ਸੰਗਤਾਂ ਦੇ ਯਤਨਾਂ ਨਾਲ ਮਿਲੀ ਇਸ ਪ੍ਰਾਪਤੀ ਨੂੰ ਬੀਬੀ ਜਗੀਰ ਕੌਰ ਨੇ ਕੌਮ ਦੀ ਇਕ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅੱਜ ਪੂਰੀ ਦੁਨੀਆਂ ਅੰਦਰ ਸਿੱਖਾਂ ਨੇ ਆਪਣੀ ਪਛਾਣ ਸਥਾਪਿਤ ਕੀਤੀ ਹੈ ਅਤੇ ਸਖ਼ਤ ਮਿਹਨਤ ਤੇ ਲਿਆਕਤ ਨਾਲ ਵੱਖ-ਵੱਖ ਦੇਸ਼ਾਂ ਅੰਦਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸਿੱਖ ਕੌਮ ਦੀ ਮੌਲਿਕਤਾ ਨੂੰ ਇਸ ਦੇ ਸਿਧਾਂਤ ਅਤੇ ਇਤਿਹਾਸ ਵਿੱਚੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਆਸਟਰੀਆ ਦੇਸ਼ ਅੰਦਰ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਪ੍ਰਾਪਤ ਹੋਈ ਹੈ, ਤਾਂ ਇਸ ਨਾਲ ਵਿਦੇਸ਼ਾਂ ਅੰਦਰ ਸਿੱਖ ਪਛਾਣ ਸਬੰਧੀ ਪਾਈ ਜਾਂਦੀ ਦੁਬਿਧਾ ਦੂਰ ਹੋਣ ਵਿਚ ਮੱਦਦ ਮਿਲੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਨੇ ਜਿਸ ਵੀ ਦੇਸ਼ ਵਿਚ ਨਿਵਾਸ ਕੀਤਾ, ਉਥੋਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਅਹਿਮ ਯੋਗਦਾਨ ਪਾਇਆ। ਯੂਰਪੀ ਦੇਸ਼ਾਂ ਅੰਦਰ ਵੀ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ ਅਤੇ ਇਨ੍ਹਾਂ ਦੇਸ਼ਾਂ ਅੰਦਰ ਸਿੱਖਾਂ ਨੇ ਗੁਰੂ ਘਰ ਸਥਾਪਿਤ ਕਰਕੇ ਸਿੱਖ ਪ੍ਰੰਪਰਾਵਾਂ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਅੰਦਰ ਵੱਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮੂਹਿਕ ਰੂਪ ਵਿਚ ਅਜਿਹੇ ਯਤਨ ਕਰਦੇ ਰਹਿਣ, ਤਾਂ ਜੋ ਸਿੱਖ ਪਛਾਣ ਦਾ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਹੋ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਸਟਰੀਆ ਦੀ ਸਰਕਾਰ ਦਾ ਵੀ ਇਸ ਸਬੰਧ ਵਿਚ ਧੰਨਵਾਦ ਕੀਤਾ।