ਗਯਾ, 22 ਜੁਲਾਈ- ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਗੂ ਤਾਲਾਬੰਦੀ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਪ੍ਰਵਾਸੀਆਂ ਦੀ ਦੇਸ਼ ਵਾਪਸੀ ਲਈ ਸਰਕਾਰ ਵਲੋਂ ਵੰਦੇ ਭਾਰਤ ਮਿਸ਼ਨ ਚਲਾਇਆ ਗਿਆ ਹੈ| ਇਸ ਮਿਸ਼ਨ ਤਹਿਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਹਿਰ ਦੁਬਈ ਤੋਂ 169 ਯਾਤਰੀ ਬਿਹਾਰ ਦੇ ਗਯਾ ਕੌਮਾਂਤਰੀ ਹਵਾਈ ਅੱਡੇ ਪੁੱਜੇ| ਹਵਾਈ ਅੱਡਾ ਦੇ ਡਾਇਰੈਕਟਰ ਦਿਲੀਪ ਕੁਮਾਰ ਨੇ ਦੱਸਿਆ ਕਿ ਦੁਬਈ ਤੋਂ ਕੁੱਲ 169 ਲੋਕ ਬਿਹਾਰ ਦੇ ਗਯਾ ਕੌਮਾਂਤਰੀ ਹਵਾਈ ਅੱਡੇ ਪਹੁੰਚੇ ਹਨ| ਇਨ੍ਹਾਂ ਵਿੱਚੋਂ ਬਿਹਾਰ ਦੇ 167 ਅਤੇ ਝਾਰਖੰਡ ਦੇ 2 ਯਾਤਰੀ ਸ਼ਾਮਲ ਹਨ| ਸਾਰੇ ਯਾਤਰੀਆਂ ਨੂੰ ਬੋਧਗਯਾ ਦੇ ਮੱਠ ਅਤੇ ਹੋਟਲਾਂ ਵਿੱਚ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ| ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ| ਇਸ ਤੋਂ ਬਾਅਦ ਬੋਧਗਯਾ ਕੁਆਰੰਟੀਨ ਸੈਂਟਰ ਭੇਜਿਆ ਗਿਆ| ਦੂਜੇ ਪਾਸੇ ਮਗਧ ਡਵੀਜ਼ਨ ਦੇ ਕਮਿਸ਼ਨਰ ਅਸੰਗਬਾ ਚੁਬਾ ਆਓ ਨੇ ਹਵਾਈ ਅੱਡੇ ਪਹੁੰਚ ਕੇ ਪ੍ਰਵਾਸੀਆਂ ਤੋਂ ਜਾਣਕਾਰੀ ਲਈ| ਕਈ ਯਾਤਰੀਆਂ ਨੇ ਦੱਸਿਆ ਕਿ ਦੁਬਈ ਵਿੱਚ ਕੋਰੋਨਾ ਵਾਇਰਸ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਆਉਣਾ ਪਿਆ ਹੈ| ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਬੰਦ ਹੋ ਗਈਆਂ ਹਨ| ਭਵਿੱਖ ਵਿੱਚ ਕੰਪਨੀਆਂ ਕਦੋਂ ਖੁੱਲ੍ਹਣਗੀਆਂ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ| ਇਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਵਾਪਸ ਆਉਣਾ ਪਿਆ ਹੈ|