ਚੰਡੀਗੜ – ‘ਵਿਸ਼ਵ ਹਾਈਪਰਟੈਨਸ਼ਨ ਦਿਵਸ’ ਦੇ ਮੌਕੇ ‘ਤੇ ਪੰਜਾਬ ਸਰਕਾਰ ਨੇ ਉੱਚ ਜੋਖਮ ਵਾਲੀ ਆਬਾਦੀ ਨੂੰ ਹਾਈਪਰਟੈਨਸ਼ਨ (ਉੱਚ ਰਕਤ ਚਾਪ) ਅਤੇ ਡਾਇਬਟੀਜ਼ ਵਰਗੇ ਸਹਿ-ਰੋਗਾਂ ਦੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਗ਼ੈਰ -ਸੰਚਾਰੀ ਰੋਗਾਂ ਤੋ ਬਚਣ ਦੇ ਉਪਾਵਾਂ ਅਤੇ ਜੀਵਨ ਸ਼ੈਲੀ ਸਬੰਧੀ ਜਾਣਕਾਰੀ ਦੇਣ ਲਈ ਟੇਬਲ ਕੈਲੰਡਰ ਜਾਰੀ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ ਦੇ ਮਰੀਜਾਂ ਦੀ ਉੱਚੀ ਮੌਤ ਦਰ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਹਾਈਪਰਟੈਨਸ਼ਨ, ਡਾਇਬਟੀਜ਼, ਦਿਲ ਸਬੰਧੀ ਬਿਮਾਰੀਆਂ ਅਤੇ ਸਟਰੋਕ ਆਦਿ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਵਿਆਪਕ ਅਭਿਆਨ ਚਲਾਇਆ ਹੈ ਕਿਉਂਕਿ ਸਹਿ ਰੋਗਾਂ ਵਾਲੇ ਮਰੀਜਾਂ ਲਈ ਕੋਵਿਡ ਘਾਤਕ ਸਿੱਧ ਹੋਂਿੲਆ ਹੈ ਜਿਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ।ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਉਨਾਂ ਮਰੀਜਾਂ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਹੈ, ਜੋ ਗੈਰ-ਸੰਚਾਰੀ ਰੋਗਾਂ ਤੋਂ ਪੀੜਤ ਹਨ। ਉਨਾਂ ਕਿਹਾ ਕਿ ਹਾਈਪਰਟੈਨਸ਼ਨ ਐਨ.ਪੀ.ਸੀ.ਡੀ.ਸੀ.ਐਸ. ਪ੍ਰੋਗਰਾਮ ਦਾ ਮੁੱਖ ਹਿੱਸਾ ਹੈ ਅਤੇ ਇਹ ਬੜਾ ਮੰਦਭਾਗਾ ਹੈ ਕਿ ਬਹੁਤੇ ਲੋਕ ਇਸ ਗੱਲ ਤੋਂ ਜਾਣੂ ਹੀ ਨਹੀਂ ਹੁੰਦੇ ਕਿ ਉਹ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ। ਇਸ ਕਰਕੇ ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਸੂਬੇ ਵਲੋਂ ਚਲਾਇਆ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਿੲਨੀਸ਼ਿਏਟਿਵ (ਆਈ.ਐਚ.ਸੀ.ਆਈ.) ਪ੍ਰੋਗਰਾਮ ਪਹਿਲਾਂ ਤੋਂ ਹੀ ਦਸ ਜਿਲਿਆਂ ਵਿੱਚ ਚੱਲ ਰਿਹਾ ਹੈ ਅਤੇ ਇਸਦੇ ਚੰਗੇ ਨਤੀਜੇ ਪ੍ਰਾਪਤ ਹੋ ਰਹੇ ਹਨ।ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਪੂਰੇ ਸੂਬੇ ਨੂੰ ਬਹੁਤ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਰਹੀ ਹੈ ਅਤੇ ਉਹ ਲੋਕ ਜੋ ਕੈਂਸਰ, ਸੂਗਰ, ਦਿਲ ਦੀਆਂ ਬਿਮਾਰੀਆਂ ਅਤੇ ਸਟਰੋਕ ਤੋਂ ਪੀੜਤ ਹਨ ਇਸ ਤੋਂ ਹੋਰ ਵੀ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ 17 ਮਈ ਨੂੰ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਾਰੇ ਦੇਸ਼ਾਂ ਦੁਆਰਾ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸਿਹਤ ਕਰਮਚਾਰੀਆਂ (ਏ.ਐੱਨ.ਐੱਮ.ਐੱਸ. ਅਤੇ ਆਸ਼ਾ ਵਰਕਰ) ਵਲੋਂ ਸੂਬੇ ਭਰ ਵਿਚ ਸਿਹਤ ਸਬੰਧੀ ਸੰਦੇਸ਼ “ਚਿੱਠੀ“ ਦੇ ਰੂਪ ਵਿਚ ਘਰ ਘਰ ਪਹੁੰਚਾਏ ਗਏ ਸਨ।ਡਾ.ਜੀ.ਬੀ. ਸਿੰਘ ਨੇ ਦੱਸਿਆ ਕਿ ਇਸ ਸਾਲ ਸਿਹਤ ਦੀ ਬਿਹਤਰ ਦੇਖਭਾਲ ਅਤੇ ਕੋਵਿਡ ਦੇ ਨਿਯੰਤਰਣ ਲਈ ਰੇਡੀਓ / ਆਡੀਓ ਰਾਹੀਂ ਸਿਹਤ ਸਬੰਧੀ ਸੰਦੇਸ਼ ਭੇਜਣ ਲਈ ਮੁਹਿੰਮ ਆਰੰਭੀ ਗਈ ਹੈ। ਡਾ: ਸੰਦੀਪ ਸਿੰਘ, ਸਟੇਟ ਪ੍ਰੋਗਰਾਮ ਅਫਸਰ ਐਨ.ਪੀ.ਸੀ.ਡੀ.ਸੀ.ਐਸ. ਪੰਜਾਬ ਨੇ ਕਿਹਾ ਕਿ ਆਸ਼ਾ ਵਰਕਰਾਂ ਰਾਹੀਂ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਦੇ ਮਰੀਜਾਂ ਨੂੰ ਘਰ ਘਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਜਾ ਰਹੀਆਂ ਹਨ।