ਪਟਨਾ, 30 ਅਗਸਤ – ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਅੱਜ ਤੜਕੇ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਐਸ ਯੂ ਵੀ ਦੇ ਇਕ ਖੜ੍ਹੇ ਕੰਟੇਨਰ ਟਰੱਕ ਨਾਲ ਟਕਰਾਉਣ ਕਾਰਨ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦਿੱਲੀ-ਕੋਲਕਾਤਾ ਰਾਸ਼ਟਰੀ ਰਾਜਮਾਰ 19 ਤੇ ਸ਼ਿਵ ਸਾਗਰ ਪੁਲੀਸ ਸਟੇਸ਼ਨ ਦੇ ਅਧੀਨ ਪਖਨਾਰੀ ਪਿੰਡ ਵਿੱਚ ਸਵੇਰੇ ਕਰੀਬ 3 ਵਜੇ ਵਾਪਰਿਆ। ਪੀੜਤ ਬੋਧਗਯਾ ਤੋਂ ਆਪਣੇ ਜੱਦੀ ਕੁਰਾਨੀ ਪਿੰਡ ਜਾ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਆਦਿਤਿਆ ਕੁਮਾਰ, ਰੀਆ ਕੁਮਾਰੀ, ਚਾਂਦਨੀ ਕੁਮਾਰੀ, ਤਾਰਾ ਕੁਮਾਰੀ, ਸੋਨੀ ਕੁਮਾਰੀ, ਰਾਜਮਤੀ ਦੇਵੀ ਅਤੇ ਅਰਵਿੰਦ ਸ਼ਰਮਾ ਵਜੋਂ ਕੀਤੀ ਗਈ ਹੈ। ਹਾਦਸੇ ਵਿੱਚ 5 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਨ੍ਹਾਂ ਦਾ ਇਲਾਜ ਰੋਹਤਾਸ ਦੇ ਸਦਰ ਹਸਪਤਾਲ ਵਿੱਚ ਚੱਲ ਰਿਹਾ ਹੈ। ਜ਼ਖ਼ਮੀਆਂ ਵਿਅਕਤੀਆਂ ਵਿੱਚੋਂ ਇਕ ਸੁਦੇਸ਼ਵਰ ਸ਼ਰਮਾ ਨੇ ਕਿਹਾ ਕਿ ਅਸੀਂ ਬੋਧਗਯਾ ਤੋਂ ਆ ਰਹੇ ਸੀ ਅਤੇ ਸਾਡਾ ਵਾਹਨ ਪਿੱਛਿਓਂ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਸਾਨੂੰ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋਇਆ। ਐਨ.ਐਚ.ਏ.ਆਈ. ਦੇ ਅਧਿਕਾਰੀ ਨਰੇਂਦਰ ਪਾਂਡੇ ਨੇ ਕਿਹਾ ਕਿ ਸਕਾਰਪੀਓ ਦਾ ਡਰਾਈਵਰ ਸ਼ਾਇਦ ਇਕ ਪਲ ਲਈ ਸੌਂ ਗਿਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਅਸੀਂ ਰੈਸਕਿਊ ਆਪਰੇਸ਼ਨ ਕਰ ਕੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ।