ਚੰਡੀਗੜ੍ਹ, 21 ਜੁਲਾਈ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਨਰ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੀਆਂ ਪ੍ਰਮੁੱਖ ਸੰਸਥਾਵਾਂ ਆਈ.ਆਈ.ਟੀ., ਰੋਪੜ ਅਤੇ ਆਈ.ਆਈ.ਐਮ., ਅੰਮ੍ਰਿਤਸਰ ਅਤੇ ਹੋਰਨਾਂ ਦਰਮਿਆਨ ਨੇੜਿਓਂ ਸਹਿਯੋਗ ਕਾਇਮ ਕਰਨ ਲਈ ਰਾਹ ਪੱਧਰਾ ਕੀਤਾ।
ਮੁੱਖ ਮੰਤਰੀ ਨੇ ਦੋਵਾਂ ਸੰਸਥਾਵਾਂ ਦੇ ਮੁਖੀਆਂ ਨਾਲ ਵੱਖੋ-ਵੱਖ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ।
ਆਈ.ਆਈ.ਟੀ. ਰੋਪੜ ਨਾਲ ਵੀਡੀਓ ਕਾਨਫਰੰਸ ਦੌਰਾਨ ਸੂਬਾ ਸਰਕਾਰ ਨੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਸੰਸਥਾ ਨਾਲ ਤਿੰਨ ਸਮਝੌਤੇ ਸਹੀਬੰਦ ਕੀਤੇ। ਇਹ ਸਮਝੌਤੇ ਆਈ.ਆਈ.ਟੀ. ਦੇ ਤਕਨੀਕੀ ਸਿੱਖਿਆ ਵਿਭਾਗ ਨੂੰ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਸੂਬਾਈ ਇੰਜਨੀਅਰਿੰਗ ਕਾਲਜਾਂ ਦੇ ਨਾਲ-ਨਾਲ ਸ੍ਰੀ ਚਮਕੌਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ, ਪੰਜ ਸਰਕਾਰੀ ਬਹੁ-ਤਕਨੀਕੀ ਸੰਸਥਾਵਾਂ ਅਤੇ 10 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਅਕਾਦਮਿਕ ਸੇਧ ਮੁਹੱਈਆ ਕਰਵਾਉਣਗੇ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਆਈ.ਆਈ.ਟੀ. ਵੱਲੋਂ ਇਕ ਮਾਡਲ ਆਈ.ਟੀ.ਆਈ. ਅਤੇ ਇਕ ਮਾਡਲ ਬਹੁ-ਤਕਨੀਕੀ ਸੰਸਥਾ ਬਣਾਉਣ ਵਿੱਚ ਸੂਬੇ ਦੀ ਮਦਦ ਕਰੇਗੀ ਅਤੇ ਬਾਅਦ ਵਿੱਚ ਹੋਰਾਂ ਸੰਸਥਾਵਾਂ ਨੂੰ ਵੀ ਇਸੇ ਤਰਜ਼ ‘ਤੇ ਤਿਆਰ ਕੀਤਾ ਜਾਵੇਗਾ।
ਆਈ.ਆਈ.ਟੀ. ਡਾਇਰੈਕਟਰ ਪ੍ਰੋ. ਐਸ.ਕੇ. ਦਾਸ ਨੇ ਸੁਝਾਅ ਦਿੱਤਾ ਕਿ ਸੂਬੇ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੱਖਿਆ ਉਪਕਰਨ ਦੀ ਰਣਨੀਤੀ ਤਿਆਰ ਕਰਨ ਲਈ ਆਈ.ਆਈ.ਟੀ. ਦੀ ਮਦਦ ਨਾਲ ਡਿਫੈਂਸ ਮੈਨੂਫੈਕਚਰਿੰਗ ਕੌਰੀਡੋਰ ਦੀ ਸਥਾਪਨਾ ਦਾ ਉਪਰਾਲਾ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰ ਕੋਲ ਉਠਾਉਣਗੇ।
ਮੁੱਖ ਮੰਤਰੀ ਵੱਲੋਂ ਆਈ.ਆਈ.ਟੀ ਨੂੰ ਸੂਬੇ ਅੰਦਰ ਸਿੰਚਾਈ ਦੌਰਾਨ ਪਾਣੀ ਦੇ ਅਜਾਈਂ ਜਾਣ ਨੂੰ ਰੋਕਣ ਲਈ ਛੋਟੇ ਉਪਕਰਨਾਂ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਲਈ ਅਪੀਲ ਕੀਤੀ ਗਈ, ਜਿਸ ‘ਤੇ ਪ੍ਰੋਫੈਸਰ ਦਾਸ ਨੇ ਇਸ ਸਬੰਧੀ ਸੰਸਥਾਨ ਦੁਆਰਾ ਪੂਰਾ ਸਮਰਥਨ ਦਿੱਤੇ ਜਾਣ ਬਾਰੇ ਆਖਿਆ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਆਈ.ਆਈ.ਟੀ ਦੇ ਜ਼ਮੀਨ ਗ੍ਰਹਿਣ ਸਬੰਧੀ ਮਾਮਲਿਆਂ ਨੂੰ ਹੱਲ ਕਰਨ ਲਈ ਨਿਰਦੇਸ਼ ਦਿੱਤੇ ਗਏ ਅਤੇ ਆਈ.ਆਈ.ਟੀ ਨੂੰ ਆਪਣਾ ਕੈਂਪਸ ਦੀ ਜ਼ਮੀਨੀ ਦਿੱਖ ਨੂੰ ਖੁਬਸੂਰਤ ਬਣਾ ਕੇ ਅਤੇ ਰੁੱਖਾਂ ਨਾਲ ਹਰਿਆ-ਭਰਿਆ ਬਣਾਉਣ ਲਈ ਆਖਿਆ। ਆਈ.ਆਈ.ਟੀ ਦੇ ਡਾਇਰੈਕਟਰ ਵੱਲੋਂ ਇਹ ਧਿਆਨ ‘ਚ ਲਿਆਉਣ ਕਿ ਸੂਬੇ ਅੰਦਰ ਪ੍ਰਾਈਵੇਟ ਯੂਨੀਵਰਸਿਟੀਆਂ/ਕਾਲਜਾਂ ਵੱਲੋਂ ਬਿਨਾਂ ਨਿਯੰਤਰਣ ਅਤੇ ਸੰਤੁਲਨ ਦੇ ਇੰਜਨੀਅਰਿੰਗ ਕੋਰਸਾਂ ਦੀਆਂ ਸੀਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ‘ਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਸ ਬਾਰੇ ਘੋਖ ਕਰਨ ਲਈ ਕਮੇਟੀ ਗਠਿਤ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ।
ਇਸ ਤੋਂ ਪਹਿਲਾਂ ਆਪਣੀ ਪੇਸ਼ਕਾਰੀ ਵਿੱਚ ਪ੍ਰੋ. ਦਾਸ ਵੱਲੋਂ ਦੱਸਿਆ ਗਿਆ ਕਿ 12 ਸਾਲਾਂ ਦੇ ਸਮੇਂ ਦੌਰਾਨ ਆਈ.ਆਈ.ਟੀ, ਜਿਸ ਦਾ ਰੈਂਕ 47 ਹੈ, ਆਈ.ਆਈ.ਐਸ ਬੈਂਗਲੌਰ (ਏਸ਼ੀਅਨ ਯੂਨੀਵਰਸਿਟੀਆਂ ਦੀ ਟਾਈਮਜ਼ ਉੱਚ ਸਿੱਖਿਆ ਅਨੁਸਾਰ ਰੈਂਕਿੰਗ 36 ਹੈ) ਦੇ ਲਗਭਗ ਬਰਾਬਰ ਪਹੁੰਚ ਗਿਆ ਹੈ।
ਆਈ.ਆਈ.ਐਮ. ਅੰਮ੍ਰਿਤਸਰ ਵੱਲੋਂ ਹੁਨਰ ਵਿਕਾਸ ਵਿੱਚ ਸੂਬਾ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਗਿਆ ਅਤੇ ਇਸਦੇ ਡਾਇਰੈਕਟਰ ਪ੍ਰੋ. ਰਾਮਾਮੂਰਤੀ ਨਾਗਾਰਾਜਨ ਨੇ ਕਿਹਾ ਕਿ ਸੰਸਥਾਨ ਟੈਕਸੇਸ਼ਨ, ਵਾਪਾਰ ਪ੍ਰਬੰਧਨ, ਆਬਕਾਰੀ ਸਮੇਤ ਅਫਸਰਾਂ ਲਈ ਥੋੜ੍ਹੇ ਸਮੇਂ ਦੇ ਵੱਖ-ਵੱਖ ਕੋਰਸਾਂ ਦਾ ਆਯੋਜਨ ਕਰੇਗਾ। ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਆਈ.ਆਈ.ਐਮ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਦੇ ਵੱਧ ਪਹੁੰਚ (ਆਊਟਰੀਚ) ਪ੍ਰੋਗਰਾਮ ਦੇ ਹਿੱਸੇ ਵੱਜੋਂ ਅੰਮ੍ਰਿਤਸਰ ਖੇਤਰ ਦੇ ਪੰਜ ਪਿੰਡਾਂ ਨੂੰ ਅਪਣਾਇਆ ਗਿਆ ਹੈ। ਆਈ.ਆਈ.ਐਮ ਡਾਇਰੈਕਟਰ ਪ੍ਰੋ. ਰਾਮਾਮੂਰਤੀ ਨਾਗਾਰਾਜਨ ਵੱਲੋਂ ਸੰਸਥਾਨ ਦੇ ਜ਼ਮੀਨ ਸਬੰਧੀ ਅਣਸੁਲਝੇ ਮਾਮਲਿਆਂ ਬਾਰੇ ਜਤਾਈ ਚਿੰਤਾ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਮਾਮਲੇ ਨੂੰ ਵੇਖਣ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਲਈ ਨਿਰਦੇਸ਼ ਦਿੱਤੇ ਗਏ।