ਚੰਡੀਗੜ, 21 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਡੇਰਾ ਸਿਰਸਾ ਦੀ ਸਮਰਥਕ ਵੀਰਪਾਲ ਕੌਰ ਤੇ ਨਿਊਜ਼ 18 ਨਿਊਜ਼ ਚੈਨਲ ਦੇ ਇਕ ਪੱਤਰਕਾਰ ਤੇ ਚੈਨਲ ਦੇ ਨਿਗਰਾਨ ਸਟਾਫ ਨੂੰ ਇਕ ਫੌਜਦਾਰੀ ਮਾਣਹਾਨੀ ਦਾ ਨੋਟਿਸ ਭੇਜਿਆ ਕਿਉਂਕਿ ਉਹਨਾਂ ਨੇ ਸ੍ਰੀ ਬਾਦਲ ਖਿਲਾਫ ਮਾਣਹਾਨੀ ਭਰੀ ਤੇ ਅਪਮਾਨਜਨਕ ਖਬਰ ਪ੍ਰਸਾਰਿਤ ਕੀਤੀ।
ਇਸ ਗੱਲ ਦੀ ਜਾਣਕਾਰੀ ਇਥੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਦਿੰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਫੌਜਦਾਰੀ ਮਾਣਹਾਨੀ ਨੋਟਿਸ ਵਿਚ ਵੀਰਪਾਲ ਕੌਰ ਅਤੇ ਨਿਊਜ਼ 18 ਦੇ ਪੱਤਰਕਾਰ ਯਾਦਵਿੰਦਰ ਕਰਫਿਊ ਅਤੇ ਕਾਰਜਕਾਰੀ ਸੰਪਾਦਕ ਜਯੋਤੀ ਕਮਲ ਤੇ ਪ੍ਰਬੰਧਕੀ ਸੰਪਾਦਕ ਰਾਹੁਲ ਜੋਸ਼ੀ ਸਮੇਤ ਨਿਗਰਾਨ ਸਟਾਫ ਨੂੰ ਕਿਹਾ ਹੈ ਕਿ ਉਹ ਲਿਖਤੀ ਮੁਆਫੀ ਜੋ ਕਿ ਚੈਨਲ ਵੱਲੋਂ ਇਹ ਨੋਟਿਸ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ ਅੰਦਰ ਪ੍ਰਸਾਰਿਤ ਕਰਨ। ਡਾ. ਚੀਮਾ ਨੇ ਕਿਹਾ ਕਿ ਜੇਕਰ ਇਹ ਅਜਿਹਾ ਕਰਨ ਵਿਚ ਅਸਫਲ ਰਹੇ ਤਾਂ ਫਿਰ ਸ੍ਰੀ ਸੁਖਬੀਰ ਸਿੰਘ ਬਾਦਲ ਅਦਾਲਤ ਰਾਹੀਂ ਨਿਆਂ ਲੈਣ ਦੇ ਹੱਦਕਾਰ ਹੋਣਗੇ।
ਨੋਟਿਸ ਦੇ ਮੁਤਾਬਕ ਵੀਰਪਾਲ ਕੌਰ ਨੇ 2022 ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਵਿਰੋਧੀਆਂ ਦੇ ਨਾਲ ਰਲ ਕੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਅਤੇ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲਾਉਣ ਦਾ ਯਤਨ ਕੀਤਾ। ਨੋਟਿਸ ਵਿਚ ਕਿਹਾ ਗਿਆ ਕਿ ਨਿਊਜ਼ 18 ਨੇ ਅਪਮਾਨਜਨਕ, ਨਿਰਾਧਾਰ ਤੇ ਝੂਠੀ ਖਬਰ ਪ੍ਰਸਾਰਿਤ ਕੀਤੀ ਹਾਲਾਂਕਿ ਉਹ ਜਾਣਦੇ ਸਨ ਕਿ ਇਹ ਜਾਣਕਾਰੀ ਬਿਲਕੁਲ ਗਲਤ ਹੈ।
ਨੋਟਿਸ ਵਿਚ ਕਿਹਾ ਗਿਆ ਕਿ ਸਾਰੀ ਦੁਨੀਆਂ ਭਰ ਦੇ ਸਿੱਖ ਇਸ ਕੁਤਾਹੀ ਭਰੀ ਤੇ ਕੁਫਰ ਤੋਲਣ ਵਾਲੀ ਕਾਰਵਾਈ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਵੱਡਾ ਦੋਸ਼ੀ ਮੰਨਣਗੇ ਤੇ ਵੀਰਪਾਲ ਕੌਰ ਨੇ 14 ਜੁਲਾਈ ਨੂੰ ਪ੍ਰੋਗਰਾਮ ਖਬਰਾਂ ਦਾ ਪ੍ਰਾਈਮ ਟਾਈਮ ਜਿਸਦੀ ਮੇਜ਼ਬਾਨੀ ਯਾਦਵਿੰਦਰ ਕਰਫਿਊ ਨੇ ਕੀਤੀ, ਵਿਚ ਇੰਟਰਵਿਊ ਦੌਰਾਨ ਬਹੁਤ ਚਾਲਾਕੀ ਨਾਲ ਅਜਿਹੇ ਦੋਸ਼ ਲਗਾਏ। ਅਜਿਹਾ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਿਆਸੀ ਵਿਰੋਧੀਆਂ ਨੇ ਇਸ ਬਿਆਨ ਨੂੰ ਸਪਾਂਸਰ ਕੀਤਾ ਸੀ।
ਨੋਟਿਸ ਵਿਚ ਕਿਹਾ ਗਿਆ ਕਿ ਇਹ ਜਾਣਦੇ ਹੋਏ ਕਿ ਇਹ ਜਾਣਕਾਰੀ ਤੇ ਤੱਥ ਝੂਠੇ ਹਨ, ਨਿਊਜ਼ 18 ਦੇ ਪੱਤਰਕਾਰ ਤੇ ਨਿਗਰਾਨ ਸਟਾਫ ਨੇ ਇਸਨੂੰ ਫਿਰ ਤੋਂ 15 ਜੁਲਾਈ ਨੂੰ ਵਾਰ ਵਾਰ ਵਿਖਾਇਆ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਨਾਂ ਲੈ ਕੇ ਉਹਨਾਂ ਦਾ ਨਿੱਜੀ, ਜਨਤਕ ਤੇ ਸਮਾਜਿਕ ਅਕਸ ਤੇ ਮਾਣ ਸਨਮਾਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਨੋਟਿਸ ਵਿਚ ਕਿਹਾ ਗਿਆ ਕਿ ਇਥੇ ਹੀ ਬੱਸ ਨਹੀਂ ਨਿਊਜ਼18 ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ਗਲਤ ਤੇ ਝੂਠੇ ਬਿਆਨ ਦੇ ਆਧਾਰ ‘ਤੇ ਸਿਆਸੀ ਲਾਹਾ ਲੈਣ ਦਾ ਮੌਕਾ ਦਿੱਤਾ ਤੇ ਅਜਿਹਾ ਜਾਪਦਾ ਹੈ ਕਿ ਇਹਨਾਂ ਨੇ ਹੀ ਇਹ ਸਪਾਂਸਰ ਕੀਤਾ ਸੀ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਲਾਬਤਪੁਰਾ ਘਟਨਾ ਵਾਪਰਨ ਦੇ 13 ਸਾਲ ਬਾਅਦ ਵੀਰਪਾਲ ਕੌਰ ਅਚਨਚੇਤ ਇਕ ਟੀਵੀ ਚੈਨਲ ‘ਤੇ ਆ ਕੇ ਅਜਿਹੇ ਘਟੀਆ ਤੇ ਨਿਰਾਧਾਰ ਦੋਸ਼ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਲਗਾਉਂਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਨਿਊਜ਼ 18 ਨੇ ਇਹ ਕੋਰਾ ਝੂਠ ਆਪਣੇ ਚੈਨਲ ‘ਤੇ ਚੱਲਣ ਦਿੱਤਾ। ਉਹਨਾਂ ਕਿਹਾ ਕਿ ਇਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਦੇ ਪਰਿਵਾਰ ਜਿਹਨਾਂ ਵਿਚ ਉਹਨਾਂ ਦੇ ਪਿਤਾ ਸ੍ਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਖ਼ਰ ਏ ਕੌਮ ਦੇ ਐਵਾਰਡ ਨਾਲ ਸਨਮਾਨਤ ਹਨ, ਨੂੰ ਡੂੰਘੀ ਸੱਟ ਵੱਜੀ। ਉਹਨਾਂ ਕਿਹਾ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰਨ ਦਾ ਵਿਸ਼ੇਸ਼ ਤੇ ਚੰਗਾ ਰਿਕਾਰਡ ਰਿਹਾ ਹੈ।
ਡਾ. ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਕੁਝ ਸਮੇਂ ਤੋਂ ਬਹੁਤ ਹੇਠਲੀ ਪੱਧਰ ਦੀ ਸਿਆਸੀ ਬਿਆਨਬਾਜ਼ੀ ਵੇਖਣ ਨੂੰ ਮਿਲੀ ਹੈ। ਉਹਨਾਂ ਕਿਹਾ ਕਿ 2002 ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਨਿਰਾਧਾਰ ਦੋਸ਼ ਲਗਾਏ ਸਨ ਪਰ ਸ੍ਰੀ ਬਾਦਲ ਵੱਲੋਂ ਜਨਤਕ ਪਰਖ ਵਿਚੋਂ ਲੰਘਣ ਮਗਰੋਂ ਇਹ ਵਾਪਸ ਲੈ ਲਏ ਸਨ। ਉਹਨਾਂ ਕਿਹਾ ਕਿ ਇਸ ਉਪਰੰਤ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦੂਸ਼ਣਬਾਜ਼ੀ ਕੀਤੀ ਸੀ ਤੇ ਉਹਨਾਂ ਵੱਲੋਂ ਮਾਣਹਾਨੀ ਦਾ ਕੇਸ ਕਰਨ ‘ਤੇ ਮੁਆਫੀ ਮੰਗਣੀ ਪਈ ਸੀ। ਉਹਨਾਂ ਕਿਹਾ ਕਿ ਇਹਨਾਂ ਦੋ ਉਦਾਹਰਣਾਂ ਤੋਂ ਕੁਝ ਸਿੱਖਣ ਦੀ ਥਾਂ ਕਾਂਗਰਸ ਪਾਰਟੀ ਨੇ ਆਪ ਨਾਲ ਰਲ ਕੇ ਬੇਅਦਬੀ ਮਾਮਲੇ ਵਿਚ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਨੇ ਵਕੀਲਾਂ ਦੀ ਇਕ ਅੰਦਰੂਨੀ ਕਮੇਟੀ ਸਥਾਪਿਤ ਕੀਤੀ ਹੈ ਜੋ ਸੋਸ਼ਲ ਮੀਡੀਆ ਸਮੇਤ ਮੀਡੀਆ ਦੀ ਨਿਯਮਿਤ ਆਧਾਰ ‘ਤੇ ਘੋਖ ਕਰੇਗੀ ਤੇ ਜੋ ਕੋਈ ਵੀ ਪਾਰਟੀ ਅਤੇ ਇਸਦੇ ਆਗੂਆਂ ਦੇ ਖਿਲਾਫ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏਗਾ, ਉਸਦੇ ਖਿਲਾਫ ਕੇਸ ਦਾਇਰ ਕਰੇਗੀ।