ਸਰੀ, 21 ਜੁਲਾਈ 2020 – ਕੈਨੇਡਾ ਵਿਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 111,124 ਹੋ ਗਈ ਹੈ, ਹੁਣ ਤੱਕ 8,858 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ ਅਤੇ 97,474 ਲੋਕ ਠੀਕ ਹੋ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਚਾਰ ਸੂਬਿਆਂ ਬੀ.ਸੀ., ਅਲਬਰਟਾ, ਓਂਟਾਰੀਓ ਅਤੇ ਕਿਊਬਿਕ ਵਿਚ ਇਸ ਵਾਇਰਸ ਦੇ ਕੇਸ ਫਿਰ ਵਧ ਰਹੇ ਹਨ।
ਬੀ.ਸੀ. ‘ਚ ਪਿਛਲੇ 72 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 102 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਬੀ.ਸੀ. ‘ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,300 ਹੋ ਗਈ ਹੈ। ਸੂਬੇ ‘ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 189 ਹੋ ਗਈ ਹੈ। ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਬੀਤੇ 3 ਦਿਨਾਂ ‘ਚ ਸਾਹਮਣੇ ਆਏ ਸੂਬੇ ਵੱਡੀ ਗਿਣਤੀ ਵਿਚ ਕੇਸ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਦਾ ਅਰਥ ਹੈ ਕਿ ਵਾਇਰਸ ਸੰਬੰਧੀ ਮਾਮਲਿਆਂ ‘ਤੇ ਕਾਫੀ ਹੱਦ ਤੱਕ ਕਾਬੂ ਪਾਉਣ ਤੋਂ ਬਾਅਦ ਮਾਮਲੇ ਫਿਰ ਵਧਣ ਕਾ ਖਤਰਾ ਬਣ ਸਕਦਾ ਹੈ।
ਕਿਊਬਿਕ ਵਿਚ ਅੱਜ ਕੋਰੋਨਾ ਵਾਇਰਸ ਦੇ 150 ਨਵੇਂ ਕੇਸ ਆਏ ਹਨ। ਇੱਥੇ ਪਿਛਲੇ 6 ਦਿਨ ਤੋਂ ਕੋਰੋਨਾ ਪੀੜਤਾਂ ਦਾ ਅੰਕੜਾ 150 ਦੇ ਕਰੀਬ ਦਰਜ ਹੋਣਾ ਸ਼ੁਰੂ ਹੋ ਗਿਆ ਹੈ। ਸੂਬੇ ਵਿਚ 57,616 ਲੋਕ ਇਸ ਵਾਇਰਸ ਤੋਂ ਪੀੜਤ ਹੋਏ ਹਨ ਅਤੇ 5,657 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 50,190 ਲੋਕ ਠੀਕ ਹੋ ਚੁੱਕੇ ਹਨ।
ਓਂਟਾਰੀਓ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਲਗਾਤਾਰ 2 ਦਿਨ ਤੱਕ 150 ਤੋਂ ਵੱਧ ਰਹਿਣ ਤੋਂ ਬਾਅਦ, ਅੱਜ 135 ਮਾਮਲੇ ਰਿਪੋਰਟ ਹੋਏ ਹਨ। ਹੁਣ ਲਗਾਤਾਰ ਦੋ ਦਿਨ ਤੱਕ ਸੂਬੇ ‘ਚ 164 ਅਤੇ 166 ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਅੱਜ 135 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਓਂਟਾਰੀਓ ਵਿਚ ਇਸ ਵਾਇਰਸ ਦੀ ਗ੍ਰਿਫਤ ਵਿਚ ਆਏ 37,739 ਲੋਕਾਂ ਵਿੱਚੋਂ 33,513 ਮਰੀਜ਼ ਠੀਕ ਹੋਏ ਹਨ ਅਤੇ 2,752 ਪੀੜਤ ਦਮ ਤੋੜ ਚੁੱਕੇ ਹਨ।
ਐਲਬਰਟਾ ਵਿੱਚ ਕੋਵਿਡ-19 ਦੇ 368 ਹੋਰ ਕੇਸ ਸਾਹਮਣੇ ਆਉਣ ਨਾਲ ਹੁਣ ਸੂਬੇ ਵਿਚ ਵਾਇਰਸ ਪੀੜਤਾਂ ਦੀ ਗਿਣਤੀ 9,587 ਤੱਕ ਪਹੁੰਚ ਗਈ ਹੈ। ਬੀਤੇ 72 ਘੰਟਿਆਂ ਵਿਚ 165 ਨਵੇਂ ਕੇਸ ਸਾਹਮਣੇ ਆਏ। ਸੂਬੇ ਵਿਚ ਹਿਸ ਵਾਇਰਸ ਕਾਰਨ 170 ਮੌਤਾਂ ਹੋਈਆਂ ਹਨ।।