ਸਰੀ, 14 ਜੁਲਾਈ 2020-ਪੰਜਾਬ ਭਵਨ ਸਰੀ ਦੀ ਚੌਥੀ ਵਰ੍ਹੇਗੰਢ 22 ਤੇ 23 ਅਗਸਤ ਨੂੰ ਮਨਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਜਦੋਂ ਤੋਂ ਸਥਾਪਿਤ ਹੋਇਆ ਹੈ ਉਦੋਂ ਤੋਂ ਹਰ ਸਾਲ ਇੱਕ ਵਿਸ਼ਾਲ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਕਰਵਾਉਂਦਾ ਆ ਰਿਹਾ ਹੈ। ਇਸ ਸਾਲ ਮਹਾਂਮਾਰੀ ਦੇ ਦੌਰ ਵਿਚ ਭਾਵੇਂ ਪਹਿਲਾਂ ਦੀ ਤਰ੍ਹਾਂ ਵਿਸ਼ਾਲ ਸਮਾਰੋਹ ਸੰਭਵ ਨਹੀਂ ਹੋ ਸਕੇਗਾ ਪਰ ਫੇਰ ਵੀ ਸਾਹਿਤ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਨਿਰੰਤਰਤਾ ਬਣਾਈ ਰੱਖਣ ਲਈ ਕਰੋਨਾ ਹਦਾਇਤਾਂ ਦਾ ਪੂਰਾ ਖਿਆਲ ਰੱਖਦੇ ਹੋਏ 22- 23 ਅਗਸਤ ਨੂੰ ਆਧੁਨਿਕ ਤਰੀਕੇ ਨਾਲ ਪੰਜਾਬ ਭਵਨ ਦੀ ਚੌਥੀ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ। ਇਸ ਮੌਕੇ ਕੈਨੇਡਾ ਭਰ ਤੋਂ ਵਿਦਵਾਨ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ।
ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਇਸ ਸਮਾਰੋਹ ਦੇ ਚਾਰ ਸੈਸ਼ਨ ਹੋਣਗੇ। ਕੋਵਿਡ 19 ਦੀਆਂ ਹਦਾਇਤਾਂ ਮੁਤਾਬਿਕ ਹਰ ਸੈਸ਼ਨ ਵਿਚ 50 ਵਿਅਕਤੀ ਹੀ ਸ਼ਮੂਲੀਅਤ ਕਰਨਗੇ। ਵਿਦਵਾਨ ਅਤੇ ਸਰੋਤੇ ਕੇਵਲ ਕੈਨੇਡਾ ਤੋਂ ਹੀ ਹੋਣਗੇ ਜਦੋਂਕਿ ਭਾਰਤ ਅਤੇ ਹੋਰ ਮੁਲਕਾਂ ਤੋਂ ਵਿਦਵਾਨ ਆਨਲਾਈਨ ਅਤੇ ਪੰਜਾਬ ਭਵਨ ਨਾਲ ਸਬੰਧਿਤ ਟੀ ਵੀ ਚੈਨਲਾਂ ਰਾਹੀਂ ਆਪਣੇ ਵਿਚਾਰ ਰੱਖਣਗੇ। ਸਮਾਰੋਹ ਸਬੰਧੀ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਮੁਹੱਈਆ ਕਰਵਾਈ ਜਾਵੇਗੀ।