ਸਰੀ, 14 ਜੁਲਾਈ 2020- ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਅਮਲੀ ਰੂਪ ਦਿੰਦਿਆਂ ਸਰੀ ਦੇ ਮੇਅਰ ਡੱਗ ਮਕੱਲਮ ਨੇ ਸਰੀ ਸਿਟੀ ਕੌਂਸਲ ਲਈ ਮਿਉਂਸਪਲ ਕਾਨੂੰਨਾਂ ਦੇ ਮਾਹਰ ਐਡਵੋਕੇਟ ਰੀਸ ਹਾਰਡਿੰਗ ਨੂੰ ਐਥਿਕਸ ਕਮਿਸ਼ਨਰ ਨਿਯੁਕਤ ਕੀਤਾ ਹੈ। ਐਥਿਕਸ ਕਮਿਸ਼ਨਰ ਵੱਲੋਂ ਸਿਟੀ ਹਾਲ ਦੀਆਂ ਸੇਵਾਵਾਂ ਵਿਚ ਪਾਰਦਰਸ਼ਤਾ ਲਿਆਉਣ, ਕੌਂਸਲ ਪ੍ਰਬੰਧਕਾਂ ਨੂੰ ਜਵਾਬਦੇਹ ਬਣਾਉਣ ਅਤੇ ਸਮੂਹ ਸ਼ਹਿਰੀਆਂ ਲਈ ਇੱਕੋ ਜਿਹੀ ਪ੍ਰਕਿਰਿਆ ਅਪਨਾਉਣ ਦੇ ਕਾਰਜ ਨਜ਼ਰਸਾਨੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 2018 ਦੀਆਂ ਮਿਉਂਸਪਲ ਚੋਣਾਂ ਵਿੱਚ ਮੇਅਰ ਡੱਗ ਮੈਕੱਲਮ ਦੀ ਸਲੇਟ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਸਿਟੀ ਕੌਂਸਲ ਵਿਚ ਐਥਿਕਸ ਕਮਿਸ਼ਨਰ ਦੀ ਨਿਯੁਕਤੀ ਕਰਨਗੇ ਤਾਂ ਜੋ ਸਿਟੀ ਕੌਂਸਲ ਦੇ ਕੰਮਕਾਜ ਵਿਚ ਪੂਰੀ ਤਰ੍ਹਾਂ ਪਾਰਦਸ਼ਤਾ ਹੋਵੇ ਅਤੇ ਕਥਿਤ ਰਿਸ਼ਵਤਖੋਰੀ, ਭਾਈ-ਭਤੀਜਾਵਾਦ, ਸਿਫਾਰਸ਼ ਆਦਿ ਦੀ ਕੋਈ ਗੁੰਜਾਇਸ਼ ਨਾ ਰਹੇ।
ਐਥਿਕਸ ਕਮਿਸ਼ਨਰ ਦੀ ਨਿਯੁਕਤੀ ਦਾ ਸਰੀ ਦੇ ਸ਼ਹਿਰੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਐਥਿਕਸ ਕਮਿਸ਼ਨਰ ਵੱਲੋਂ ਬੀਤੇ ਸਮੇਂ ਵਿਚ ਹੋਈਆਂ ਕਥਿਤ ਧਾਂਦਲੀਆਂ ਦੀ ਵੀ ਪੁਣਛਾਣ ਕਰਨੀ ਚਾਹੀਦੀ ਹੈ ਤਾਂ ਕਿ ਸਿਟੀ ਕੌਂਸਲ ਦੇ ਪਿਛਲੇ ਪ੍ਰਬੰਧਕਾਂ ਵੱਲੋਂ ਕਥਿਤ ਤੌਰ ਤੇ ਕੀਤੀਆਂ ਅਨੈਤਿਕ ਕਾਰਵਾਈਆਂ ਦਾ ਪਰਦਾਫਾਸ਼ ਹੋ ਸਕੇ।