ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਤੋਂ ਬਾਅਦ ਕ੍ਰਿਕੇਟ ਦੇ ਸਭਤੋਂ ਛੋਟੇ ਸਰੂਪ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਪਿਛਲੇ ਕਾਫ਼ੀ ਸਮੇਂ ਤੋਂ ਟੀ-20 ਸਰੂਪ ਤੋਂ ਉਨ੍ਹਾਂ ਦੇ ਕਪਤਾਨੀ ਤੋਂ ਹੱਟਣ ਦੀਆਂ ਖਬਰਾਂ ਆ ਰਹੀਆਂ ਸਨ।
ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਵਿਰਾਟ ਕੋਹਲੀ ਭਾਰਤੀ ਟੀਮ ਦੇ ਸਫਲ ਕਪਤਾਨਾਂ ਵਿੱਚ ਸ਼ੁਮਾਰ ਹਨ। ਪਰ ਹਮੇਸ਼ਾ ਕਿਸੇ ਵੀ ਕਪਤਾਨ ਤੇ ਉਮੀਦਾਂ ਹੀ ਦਬਾਅ ਬਣਾਉਂਦੀਆਂ ਹਨ ਅਤੇ ਵਿਰਾਟ ਵੀ ਇਨ੍ਹਾਂ ਉਮੀਦਾਂ ਦੇ ਦਬਾਅ ਦਾ ਸ਼ਿਕਾਰ ਬਣੇ ਹਨ। ਵਿਰਾਟ ਲਈ ਸਭ ਤੋਂ ਵੱਡੀ ਮੁਸ਼ਕਿਲ ਇੱਕ ਕੈਪਟਨ ਦੇ ਤੌਰ ਤੇ ਕੋਈ ਵੀ ਆਈ ਸੀ ਸੀ ਟਰਾਫੀ ਦਾ ਨਾ ਜਿੱਤ ਸਕਣਾ ਹੈ।ਜਦੋਂ ਉਹ ਚੈਂਪੀਅੰਸ ਟਰਾਫੀ ਦੇ ਫਾਈਨਲ ਵਿੱਚ ਪਾਕਿਸਤਾਨ ਤੋਂ ਹਾਰੇ ਸਨ, ਉਹ ਉਨ੍ਹਾਂ ਦੀ ਕਪਤਾਨੀ ਦਾ ਸ਼ੁਰੂਆਤੀ ਦੌਰ ਸੀ, ਪਰ 2019 ਵਿੱਚ ਆਈ ਸੀ ਸੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਅਤੇ ਫਿਰ ਇਸ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰਨ ਤੇ ਵਿਰਾਟ ਤੇ ਤਾਂ ਦਵਾਬ ਬਣਿਆ ਹੀ, ਨਾਲ ਹੀ ਬੀ ਸੀ ਸੀ ਆਈ ਵਿੱਚ ਵੀ ਉਨ੍ਹਾਂ ਦੀ ਕਪਤਾਨੀ ਨੂੰ ਲੈ ਕੇ ਵਿਚਾਰ ਹੋਣ ਲੱਗ ਪਿਆ। ਤਿੰਨਾਂ ਸਰੂਪਾਂ ਵਿੱਚ ਕਪਤਾਨੀ ਦੇ ਦਬਾਅ ਨਾਲ ਉਨ੍ਹਾਂ ਦੀ ਬੱਲੇਬਾਜੀ ਬਿਖਰਨ ਲੱਗ ਪਈ। ਉਹ ਪਿਛਲੇ ਦੋ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਕੋਈ ਸੈਂਕੜਾ ਨਹੀਂ ਲਗਾ ਸਕੇ ਹਨ।
ਵਿਰਾਟ ਦੀ ਬੱਲੇਬਾਜੀ ਦੀ ਦੁਨੀਆ ਕਾਇਲ ਹੈ ਅਤੇ ਕਈ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਸਚਿਨ ਦੇ ਸੈਂਕੜੇ ਦੇ ਰਿਕਾਰਡ ਨੂੰ ਕੋਈ ਤੋੜ ਸਕਦਾ ਹੈ ਤਾਂ ਉਹ ਵਿਰਾਟ ਹੈ, ਪਰ ਵਿਰਾਟ 2020 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਖੇਡੇ 12 ਟੈਸਟ ਮੈਚਾਂ ਵਿੱਚ 26 ਤੋਂ ਕੁੱਝ ਜ਼ਿਆਦਾ ਦੇ ਔਸਤ ਨਾਲ ਹੀ ਦੌੜਾਂ ਬਣਾ ਸਕੇ ਹਨ, ਜਦੋਂ ਕਿ ਉਨ੍ਹਾਂ ਦੇ ਕੈਰੀਅਰ ਦਾ ਔਸਤ 50 ਤੋਂ ਜ਼ਿਆਦਾ ਹੈ।
ਪਰ ਵਿਰਾਟ ਦੀ ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣ ਦੀ ਘੋਸ਼ਣਾ ਤੋਂ ਇਹ ਤਾਂ ਲੱਗਦਾ ਹੈ ਕਿ ਉਹ ਆਈ ਸੀ ਸੀ ਟਰਾਫੀ ਦੇ ਨਾਲ ਕਪਤਾਨੀ ਛੱਡਣ ਦੀ ਇੱਛਾ ਰੱਖਦੇ ਹਨ। ਪਰ ਲੱਗਦਾ ਹੈ ਕਿ ਉਹ ਜੇਕਰ ਟੀ-20 ਵਿਸ਼ਵ ਕੱਪ ਨਹੀਂ ਜਿੱਤ ਪਾਉਂਦੇ ਤਾਂ ਜਿਆਦਾ ਸੰਭਵ ਹੈ ਕਿ ਉਹ 2023 ਵਿੱਚ ਹੋਣ ਵਾਲੇ ਆਈ ਸੀ ਸੀ ਵਿਸ਼ਵ ਕੱਪ ਵਿੱਚ ਵੀ ਕਪਤਾਨੀ ਕਰਦੇ ਨਜ਼ਰ ਨਾ ਆਉਣ। ਉਸ ਸਥਿਤੀ ਵਿੱਚ ਬੀ ਸੀ ਸੀ ਆਈ ਉਨ੍ਹਾਂ ਨੂੰ ਸਿਰਫ ਟੈਸਟ ਕਪਤਾਨੀ ਤੇ ਫੋਕਸ ਕਰਨ ਲਈ ਕਹਿ ਸਕਦੀ ਹੈ।
ਪਰ ਇੰਨਾ ਜਰੂਰ ਹੈ ਕਿ ਉਹ ਤਿੰਨਾਂ ਫਾਰਮੈਟ ਵਿੱਚ ਟੀਮ ਦੇ ਪ੍ਰਮੁੱਖ ਬੱਲੇਬਾਜ ਬਣੇ ਰਹਿ ਸਕਦੇ ਹਨ। ਭਾਰਤ ਲਈ ਇੱਕ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਵਿਰਾਟ ਤੋਂ ਬਾਅਦ ਕਪਤਾਨ ਦੀ ਭਾਲ ਲਈ ਜੂਝਣ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਉਸਦੇ ਕੋਲ ਰੋਹਿਤ ਸ਼ਰਮਾ ਦੇ ਰੂਪ ਵਿੱਚ ਤਿਆਰ ਕਪਤਾਨ ਹੈ। ਹਾਂ, ਇੰਨਾ ਜਰੂਰ ਹੈ ਕਿ ਭਾਰਤ ਹੁਣ ਲੋਕੇਸ਼ ਰਾਹੁਲ ਨੂੰ ਭਵਿੱਖ ਦੇ ਕਪਤਾਨ ਦੇ ਤੌਰ ਤੇ ਤਿਆਰ ਕਰ ਸਕਦਾ ਹੈ।