ਔਕਲੈਂਡ, 14 ਜੁਲਾਈ 2020 – ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਇਕ ਹੋਰ ਨਵਾਂ ਕੇਸ ਸ਼ਾਮਿਲ ਹੋ ਗਿਆ ਹੈ। ਇਹ ਨਵਾਂ ਕੇਸ 60 ਸਾਲਾਂ ਦੀ ਇੱਕ ਔਰਤ ਦਾ ਹੈ ਜੋ 30 ਜੂਨ ਨੂੰ ਪਾਕਿਸਤਾਨ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਕ੍ਰਾਈਸਟਚਰਚ ਦੇ ਨੋਵੋਟੈੱਲ ਵਿਖੇ ਮੈਨੇਜਡ ਆਈਸੋਲੇਸ਼ਨ ਵਿਚ ਰਹਿ ਰਹੀ ਹੈ ਅਤੇ ਉਸ ਦਾ 12ਵੇਂ ਦਿਨ ਦਾ ਟੈੱਸਟ ਪਾਜ਼ਟਿਵ ਆਇਆ ਹੈ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਆਕਲੈਂਡ ਦੇ ਜੈੱਟ ਪਾਰਕ ਹੋਟਲ ਤੋਂ ਅੱਜ ਦੀ ਅੱਪਡੇਟ ਦਿੰਦੇ ਹੋਏ ਕਿਹਾ ਕਿ ਮਹਿਲਾ ਆਪਣੇ ਪਹਿਲੇ ਤਿੰਨ ਦਿਨਾਂ ਦੇ ਟੈੱਸਟ ਵਿੱਚ ਨੈਗੇਟਿਵ ਆਈ ਸੀ। ਉਸ ਮਹਿਲਾ ਨੇ ਦੋਹਾ ਅਤੇ ਸਿਡਨੀ ਦੇ ਰਸਤੇ ਪਾਕਿਸਤਾਨ ਤੋਂ ਨਿਊਜ਼ੀਲੈਂਡ ਦੀ ਯਾਤਰਾ ਕੀਤੀ ਹੈ।
ਸਿਹਤ ਮੰਤਰੀ ਹਿਪਕਿਨਸ ਨੇ ਕਿਹਾ ਅੱਜ ਦਾ ਕੇਸ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਲੋਕਾਂ ਨੂੰ ਮੈਨੇਜਡ ਆਈਸੋਲੇਸ਼ਨ ਕਰਨ ਸਮੇਂ ਦੋ ਵਾਰ ਕਿਉਂ ਟੈੱਸਟ ਕੀਤੇ ਜਾਂਦੇ ਹਨ। ਉਨ੍ਹਾਂ ਨੇ ਜੀ.ਪੀਜ਼ (7Ps) ਨੂੰ ਟੈਸਟਿੰਗ ਰੇਟ ਵਧਾਉਣ ਲਈ ਹੋਰ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਅਖੀਰ ਵਿੱਚ ਅਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਪਰਖ ਦੀ ਜਾਂਚ ਘੱਟ ਗਈ ਸੀ। ਉਹ ਟੈੱਸਟਾਂ ਦੀ ਗਿਣਤੀ ਨੂੰ ਵਧਦਾ ਵੇਖਣਾ ਚਾਹੁੰਦੇ ਹਨ। ਸੋਮਵਾਰ ਨੂੰ 1620 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਕੁੱਲ ਪੂਰੇ ਕੀਤੇ ਗਏ ਟੈੱਸਟਾਂ ਦੀ ਗਿਣਤੀ 431,263 ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1545 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,195 ਕੰਨਫ਼ਰਮ ਤੇ 350 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1498 ਰਿਕਵਰ ਹੋਏ ਹਨ। ਕੋਵਿਡ -19 ਤੋਂ 1 ਕੇਸ ਰਿਕਵਰ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 25 ਹੀ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।