ਸਰੀ, 14 ਜੁਲਾਈ 2020 – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦਸੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਫੈਡਰਲ ਸਰਕਾਰ ਕੈਨੇਡੀਅਨ ਪਰਿਵਾਰਾਂ, ਇੰਪਲਾਇਰਜ਼ ਅਤੇ ਬਿਜ਼ਨਸਮੈਨ ਬਾਰੇ ਸ਼ੁਰੂ ਕੀਤਾ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦਸੰਬਰ ਤੱਕ ਜਾਰੀ ਰੱਖਿਆ ਜਾਵੇਗਾ। ਇਸ ਪ੍ਰੋਗਰਾਮ ਤਹਿਤ ਯੋਗ ਕਾਰੋਬਾਰਾਂ ਤੇ ਗੈਰ ਮੁਨਾਫੇ ਵਾਲੇ ਅਦਾਰਿਆਂ ਨੂੰ ਆਪਣੇ ਕਰਮਚਾਰੀਆਂ ਨੂੰ ਕੰਮ ਉੱਤੇ ਬਣਾਈ ਰੱਖਣ ਲਈ ਸਰਕਾਰ ਵੱਲੋਂ 75 ਫੀ ਸਦੀ ਗਰਾਂਟ ਦਿੱਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ 27 ਮਾਰਚ ਨੂੰ ਐਲਾਨੇ ਗਏ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ (ਸੀਈਡਬਲਿਊਐਸ) ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਸਰਕਾਰ ਨੇ ਇਸ ਪ੍ਰੋਗਰਾਮ ਵਿੱਚ 12 ਹਫਤਿਆਂ ਦਾ ਵਾਧਾ ਕਰ ਕੇ 29 ਅਗਸਤ ਤੱਕ ਕਰ ਦਿੱਤਾ ਸੀ।