ਸਰੀ, 14 ਜੁਲਾਈ, 2020 : ਗੁਰਦੀਪ ਆਰਟਸ ਸਟੂਡੀਓ, ਸਰੀ ਵੱਲੋਂ ਕੈਨੇਡਾ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਫਰੰਟ ਲਾਈਨ ‘ਤੇ ਡਿਊਟੀ ਦੇ ਰਹੇ ਸਿਹਤ ਕਾਮਿਆਂ ਉਪਰ ਬਣਾਈ ਗਈ ਸ਼ਾਰਟ ਫਿਲਮ “ਮੌਮ ਆਈ ਵੌਂਟ ਕ੍ਰਾਈ” ਬੀਤੇ ਦਿਨ ਰਿਲੀਜ਼ ਕੀਤੀ ਗਈ। ਇਸ ਸੰਖੇਪ ਫਿਲਮ ਵਿਚ ਆਪਣੀ ਪਰਿਵਾਰਕ ਜ਼ਿੰਮੇਵਾਰੀ ਤੋਂ ਵੱਧ ਦਿਆਨਤਦਾਰੀ ਨਾਲ ਲੋਕਾਂ ਦੀ ਸਿਹਤ ਸੰਭਾਲ ਲਈ ਸੇਵਾਵਾਂ ਦੇ ਰਹੇ ਕਾਮਿਆਂ ਦੀ ਨਿਸ਼ਠਾ ਨੂੰ ਦਰਸਾਇਆ ਗਿਆ ਹੈ ਅਤੇ ਲੋਕ-ਮਨਾਂ ਵਿਚ ਇਨ੍ਹਾਂ ਸਿਹਤ ਕਾਮਿਆਂ ਪ੍ਰਤੀ ਸਤਿਕਾਰ ਪੇਸ਼ ਕੀਤਾ ਗਿਆ ਹੈ।
ਇਕ ਹੈਲਥ ਵਰਕਰ ਦੀ ਮਾਸੂਮ ਬੱਚੀ ਆਪਣੀ ਮਾਂ ਦੀ ਗ਼ੈਰ-ਮੌਜੂਦਗੀ ਕਾਰਨ ਬੇਹੱਦ ਵਿਆਕੁਲ ਹੁੰਦੀ ਹੈ ਅਤੇ ਆਪਣੀ ਮਾਂ ਨੂੰ ਮਿਸ ਕਰਦੀ ਹੈ। ਪਰ ਜਦੋਂ ਉਸ ਨੂੰ ਆਪਣੀ ਦਾਦੀ ਕੋਲੋਂ ਪਤਾ ਲੱਗਦਾ ਕਿ ਲੋਕ ਉਸ ਦੀ ਮਾਂ ਫਰੰਟ ਲਾਈਨ ਤੇ ਕੰਮ ਕਰ ਰਹੀ ਹੈ ਅਤੇ ਸਾਰੇ ਲੋਕ ਫਰੰਟ ਲਾਈਨ ਵਰਕਰਾਂ ਦਾ ਬਹੁਤ ਧੰਨਵਾਦ ਕਰ ਰਹੇ ਹਨ ਤਾਂ ਉਹ ਆਪਣੀ ਮਾਂ ਨੂੰ ਫੋਨ ਤੇ ਕਹਿ ਦਿੰਦੀ ਹੈ, ਮਾਂ ਹੁਣ ਮੈਂ ਨਹੀਂ ਰੋਵਾਂਗੀ (ਮੌਮ ਆਈ ਵੌਂਟ ਕ੍ਰਾਈ)।
ਗੁਰਦੀਪ ਭੁੱਲਰ ਵੱਲੋਂ ਨਿਰਦੇਸ਼ਿਤ ਇਸ ਛੋਟੀ ਫਿਲਮ ਦੇ ਲੇਖਕ ਅਤੇ ਸਕਰੀਨ ਪਲੇਅ ਲੇਖਕ ਖ਼ੁਦ ਗੁਰਦੀਪ ਭੁੱਲਰ ਹਨ। ਡਾਇਰੈਕਟਰ ਆਫ ਫੋਟੋਗ੍ਰਾਫੀ ਅਤੇ ਐਡੀਟਰ ਹਨ- ਫੋਟੋ ਆਰਟ ਸਟੂਡੀਓ। ਦਰਸ਼ਨ ਮਾਨ, ਦਰਸ਼ਪ੍ਰੀਤ ਕੰਬੋ, ਮਨਪ੍ਰੀਤ ਰਾਇਤ, ਐਸ਼ਲੀਨ ਜੇ., ਇਸ ਦੇ ਮੁੱਖ ਅਦਾਕਾਰ ਹਨ ਅਤੇ ਬਲਵੀਰ ਕੌਰ ਢਿੱਲੋਂ ਮਹਿਮਾਨ ਕਲਾਕਾਰ ਵਜੋਂ ਪੇਸ਼ ਹੋਏ ਹਨ।
ਮੌਜੂਦਾ ਹਾਲਾਤ ਵਿਚ ਫਰੰਟ ਲਾਈਨ ਵਰਕਰਾਂ ਦੀ ਹੌਂਸਲਾ ਅਫਜ਼ਾਈ ਕਰਨ ਵਾਲੀ ਇਸ ਕਲਾ-ਕ੍ਰਿਤ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।।