ਜਗਰਾਓਂ, 11 ਜੁਲਾਈ 2020 – ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਇੱਕ ਬਹੁਤ ਵੱਡੀ ਸਮਸਿਆ ਦਾ ਰੂਪ ਧਾਰਨ ਕਰ ਚੁਕੀ ਹੈ ਅਤੇ ਦਿਨ ਬ ਦਿਨ ਇਸ ਸਮਸਿਆ ਵਿਚ ਵਾਧਾ ਹੀ ਹੋ ਰਿਹਾ ਹੈ। ਆਮ ਜਨਤਾ ਜੋਕਿ ਇਸ ਸਮੱਸਿਆ ਤੋਂ ਬਹੁਤ ਦੁਖੀ ਹੈ ਹਮੇਸ਼ਾ ਪੁਲਿਸ ਨੂੰ ਇਸ ਦਾ ਜਿੰਮੇਵਾਰ ਮੰਨਦੀ ਹੈ। ਫਿਲਹਾਲ ਅੱਜ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਨਾਲ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਟ੍ਰੈਫਿਕ ਸਮਸਿਆ ਤੋਂ ਨਿਜਾਤ ਮਿਲ ਸਕਦੀ ਹੈ।
ਦਰਅਸਲ ਬਜਾਰ ਵਿੱਚ ਦੁਕਾਨਾਂ ਤੋਂ ਬਾਹਰ ਸਮਾਨ ਪਿਆ ਦਿਖਾਈ ਦਿੰਦਾ ਹੈ ਅਤੇ ਹਮੇਸ਼ਾ ਹੀ ਆਉਣ ਜਾਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇਸ ਕਰਕੇ ਚੁਬਦਾ ਹੈ ਕਿ ਇਹ ਹੀ ਟ੍ਰੈਫਿਕ ਸਮੱਸਿਆ ਦਾ ਇਕ ਵੱਡਾ ਕਾਰਨ ਹੈ। ਪਰ ਅੱਜ ਪੁਲਿਸ ਵਲੋਂ ਡੀਐਸਪੀ ਸੁਖਪਾਲ ਸਿੰਘ ਦੀ ਟੀਮ ਬਣਕੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵੇਖਣ ਨੂੰ ਮਿਲਿਆ ਕਿ ਦੁਕਾਨਦਾਰਾਂ ਵਲੋਂ ਵੀ ਪੁਲਿਸ ਨੂੰ ਸਹਿਯੋਗ ਦਿੰਦਿਆਂ ਆਪਣਾ ਸਮਾਨ ਅੰਦਰ ਰੱਖ ਲਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਅੱਜ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਤੇ ਖੁਸ਼ੀ ਹੋਈ ਕਿ ਦੁਕਾਨਦਾਰਾਂ ਵਲੋਂ ਵੀ ਪੁਲਿਸ ਨੂੰ ਸਹਿਯੋਗ ਦਿੰਦਿਆਂ ਗੱਲ ਮੰਨਕੇ ਸਮਾਨ ਅੰਦਰ ਕਰ ਲਿਆ ਗਿਆ। ਡੀਐਸਪੀ ਨੇ ਕਿਹਾ ਕਿ ਆਂ ਵਾਲੇ ਸਮੇ ਵਿਚ ਪੁਲਿਸ ਵਲੋਂ ਇਸ ਸੰਬੰਧੀ ਬੋਰਡ ਵੀ ਸਥਾਪਿਤ ਕੀਤੇ ਜਾਣਗੇ ਤਾਂ ਜੋ ਕੋਈ ਸਮਾਨ ਬਾਹਰ ਨਾ ਰੱਖਿਆ ਜਾਵੇ ਅਤੇ ਜੋ ਵੀ ਇਸਦੀ ਉਲੰਘਣਾ ਕਰੇਗਾ ਤਾਂ ਉਸਤੇ ਬਣਦੀ ਕਾਰਵਾਈ ਪੁਲਿਸ ਵਲੋਂ ਕੀਤੀ ਜਾਵੇਗੀ।