ਬਰਨਾਲਾ, 11 ਜੁਲਾਈ 2020 – ਇਸ ਵਾਰ ਵੱਡੀ ਗਿਣਤੀ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜਿਸ ਨਾਲ ਵੱਡੇ ਪੱਧਰ ’ਤੇ ਪਾਣੀ ਦੀ ਬੱਚਤ ਹੋਈ ਹੈ, ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਪਿੰਡ ਠੁੱਲੇਵਾਲ ਦੇ ਕਿਸਾਨਾਂ ਵੱਲੋਂ ਕੀਤੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਨ ਮਗਰੋਂ ਕੀਤਾ।
ਇਸ ਮੌਕੇ ਉਨ੍ਹਾਂ ਹਰਬੰਤ ਸਿੰਘ ਅਤੇ ਗੁਰਬੰਤ ਸਿੰਘ ਦੇ ਖੇਤਾਂ ਦਾ ਦੌਰਾ ਵੀ ਕੀਤਾ, ਜਿਨ੍ਹਾਂ ਨੇ 2 ਏਕੜ ਰਕਬੇ ਵਿੱਚ ਝੋਨੇ ਦੀ ਲਵਾਈ ਵੱਟਾਂ ਉੱਪਰ ਕੀਤੀ ਸੀ। ਇਸ ਤੋਂ ਇਲਾਵਾ ਮਲਕੀਤ ਸਿੰਘ ਪਿੰਡ ਠੁੱਲੀਵਾਲ ਵੱਲੋਂ 6 ਏਕੜ ਰਕਬੇ ਵਿੱਚ ਝੋਨੇ ਦੀ ਲੁਆਈ ਵੱਟਾਂ ਉੱਪਰ 12 ਜੂਨ ਨੂੰ ਕੀਤੀ ਗਈ ਸੀ ਤੇ ਇਸ ਕਿਸਾਨ ਨੇ 18 ਦਿਨਾਂ ਦੀ ਪਨੀਰੀ ਲਵਾਈ ਕੀਤੀ ਸੀ ਅਤੇ ਝੋਨੇ ਨੇ 40-45 ਬੂਝੇ ਬਣਾ ਲਈ ਹਨ। ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਵੱਟਾਂ ’ਤੇ ਝੋਨਾ ਲਗਾ ਕੇ ਜਿੱਥੇ ਪਾਣੀ ਦੀ ਬੱਚਤ ਕੀਤੀ ਹੈ, ਉੱਥੇ ਨਵੀ ਤਕਨੀਕ ਅਪਣਾ ਕੇ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਯਤਨ ਕੀਤੇ ਹਨ।
ਇਸੇ ਦੌਰਾਨ ਉਨ੍ਹਾਂ ਬਹਾਦਰ ਸਿੰਘ ਠੁੱਲੀਵਾਲ ਦੇ ਖੇਤ ਦਾ ਦੌਰਾ ਕੀਤਾ, ਜਿਸ ਨੇ 2 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਫਸਲ ਬਹੁਤ ਵਧੀਆ ਖੜ੍ਹੀ ਹੈ। ਡਾ . ਬਲਦੇਵ ਸਿੰਘ ਨੇ ਕਿਹਾ ਕਿ ਰਵਾਇਤੀ ਤਰੀਕੇ ਨਾਲ ਬੀਜੇ ਝੋਨੇ ਨਾਲੋਂ ਨਵੀਆਂ ਤਕਨੀਕਾਂ ਨਾਲ ਬੀਜੇ ਝੋਨੇ ਦੀ ਹਾਲਤ ਜ਼ਿਆਦਾ ਚੰਗੀ ਹੈੈ। ਉਨ੍ਹਾਂ ਆਖਿਆ ਕਿ ਇਨ੍ਹਾਂ ਤਕਨੀਕਾਂ ਨਾਲ 40 ਤੋਂ 50 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਵਿੱਚ ਖਾਦ ਦੀ ਵਰਤੋਂ ਮਿੱਟੀ ਸਿਹਤ ਕਾਰਡ ਅਨੁਸਾਰ ਹੀ ਕੀਤੀ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਹ ਘਬਰਾਉਣ ਦੀ ਬਜਾਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤੇ ’ਚ ਰਹਿਣ ਅਤੇ ਨਵੀਆਂ ਤਕਨੀਕਾਂ ਅਪਣਾ ਕੇ ਧਰਤੀ ਦੀ ਸਿਹਤ ਸੰਭਾਲ ਵਿੱਚ ਯੋਗਦਾਨ ਪਾਉਣ।