ਔਕਲੈਂਡ, 10 ਜੁਲਾਈ 2020 – ਨਿਊਜ਼ੀਲੈਂਡ ਦੇ ਵਿਚ ਕਰੋਨਾ ਵਾਇਰਸ ਨਾਲ ਪੀੜ੍ਹਤ ਦੋ ਹੋਰ ਕੇਸ ਆਏ ਹਨ। ਇਨ੍ਹਾਂ ਵਿਚੋਂ ਇਕ ਭਾਰਤ ਤੋਂ ਵਾਪਿਸ ਪਰਤੇ 20 ਸਾਲਾ ਵਿਅਕਤੀ ਦਾ ਹੈ ਜੋ 28 ਜੂਨ ਵਾਲੀ ਫਲਾਈਟ ਦੇ ਵਿਚ ਆਇਆ ਸੀ ਪਹੁੰਚਣ ਤੋਂ ਤੀਜੇ ਦਿਨ ਬਾਅਦ ਉਸਦਾ ਟੈਸਟ ਨੈਗੇਟਿਵ ਸੀ, ਪਰ 12ਵੇਂ ਦਿਨ ਉਹ ਪਾਜ਼ੀਟਿਵ ਪਾਇਆ ਗਿਆ। ਦੂਜਾ ਕੇਸ ਇੰਗਲੈਂਡ ਤੋਂ ਵਾਪਸ ਨਿਊਜ਼ੀਲੈਂਡ ਪਹੁੰਚੇ 20 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ ਸੁਦੀਮਾ ਲੇਕ ਰੋਟੋਰੂਆ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਿਹਾ ਹੈ। ਉਹ 9 ਜੁਲਾਈ ਨੂੰ ਆਪਣੇ 12ਵੇਂ ਦੇ ਠਹਿਰਾਓ ਸਮੇਂ ਪਾਜ਼ੀਟਿਵ ਆਇਆ ਹੈ।
ਔਕਲੈਂਡ ਤੋਂ ਸਵਾ ਸੌ ਕਿਲੋਮੀਟਰ ਦੂਰ ਸ਼ਹਿਰ ਹਮਿਲਟਨ ਵਿਖੇ ਕੱਲ੍ਹ ਰਾਤ ਇੱਕ ਹੋਰ ਵਿਅਕਤੀ ਆਪਣੀ ਆਈਸੋਲੇਸ਼ਨ ਜਗ੍ਹਾ ਛੱਡ ਕੇ ਬਾਹਰ ਸ਼ਰਾਬ ਲੈਣ ਚਲਾ ਗਿਆ ਸੀ, ਜਿਸ ਨੂੰ ਅੱਜ ਆਡੀਓ ਵੀਡੀਓ ਰਾਹੀਂ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਇਸ ਨੂੰ 15 ਜੁਲਾਈ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ। ਇਹ ਠੇਕੇ ਉੱਤੇ ਇਕ ਮਿੰਟ ਤੱਕ ਹੀ ਰਿਹਾ। ਠੇਕੇ ਦਾ ਗੱਲਾ ਅਤੇ ਨੋਟ ਸਾਫ ਕੀਤੇ ਗਏ ਹਨ। ਗੌਰਤਲਬ ਹੈ ਕਿ ਮੈਨੇਜਡ ਆਈਸੋਲੇਸ਼ਨ ਛੱਡ ਕੇ ਬਾਹਰ ਜਾਣ ਦਾ ਇਹ ਤੀਸਰਾ ਮਾਮਲਾ ਹੈ।
ਪਿਛਲੇ 24 ਘੰਟਿਆਂ ਵਿੱਚ 3 ਵਿਅਕਤੀਆਂ ਦੇ ਰਿਕਵਰ ਹੋਣ ਤੋਂ ਬਾਅਦ ਹੁਣ ਕੋਰੋਨਾਵਾਇਰਸ ਦੇ 23 ਐਕਟਿਵ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਦੇਸ਼ ਵਿੱਚ ਹੁਣ ਕੋਵਿਡ -19 ਦੇ 1192 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਭੱਜਣ ਵਾਲਿਆਂ ਦਾ ਪਤਾ ਲਗਾਉਣ ਲਈ ਬੈਂਕ ਲੈਣ-ਦੇਣ, ਸੀ ਸੀ ਟੀ ਵੀ ਫੁਟੇਜ ਅਤੇ ਲੋਕਾਂ ਨਾਲ ਇੰਟਰਵਿਊ ਦੀ ਵਰਤੋਂ ਕਰ ਰਹੀ ਹੈ।