ਗੁਰਦਾਸਪੁਰ, 6 ਸਤੰਬਰ ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਦੇ ਨਾਲ ਇੰਨ ਸੀਟੂ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਗੱਲ ਕਰਦਿਆਂ ਸੁੁਰਿੰਦਰਪਾਲ ਸਿੰਘ,ਮੁੱਖ ਖੇਤੀਬਾਡ਼ੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਇੰਨ ਸੀਟੂ ਰਾਹੀ ਫਸਲ ਦੀ ਰਹਿੰਦ ਖੂੰਹਦ ਪੈਲੀ ਵਿਚ ਵਾਹ ਕੇ ਕਣਕ ਬੀਜਣ ਅਤੇ ਐਕਸ ਸੀਟੂ ਰਾਹੀਂ ਪਰਾਲੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਦੱਸਿਆ ਦਾ ਰਿਹਾ ਹੈ ਕਿ ਤੱਤਾਂ ਦੀ ਪੂਰਤੀ ਲਈ ਜੈਵਿਕ ਖਾਦਾਂ, ਜੀਵਾਣੂ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਕੇ ਕਰਨੀ ਚਾਹੀਦੀ ਹੈ। ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਜੀਵਾਣੂ ਖਾਦ ਦੇ ਟੀਕੇ ਨਾਲ ਕਰਨ ਲਈ 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ ਨੂੰ ਇੱਕ ਲੀਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰਾਂ ਮਿਲਾ ਲਉ ਅਤੇ ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂ ਖਦ ਦਾ ਟੀਕਾ ਲਗਾਉਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਕਿਉਂਕਿ ਇਹ ਜੀਵਾਣੂ ਕਣਕ ਦੇ ਫਸਲ ਨੂੰ ਜ਼ਮੀਨ ਵਿੱਚਲੇ ਮੌਜੂਦ ਖੁਰਾਕੀ ਤੱਤਾਂ ਦੀ ਪੂਰਤੀ ਕਰਵਾਉਣੁ ਵਿਚ ਸਹਾਈ ਹੁੰਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਵੀ ਕਣਕ ਦੀ ਬਿਜਾਈ ਵਾਸਤੇ ਉਪਲੱਬਧ ਕਰਵਾਈ ਹੈ, ਜਿਸ ਵਿੱਚ ਡੀ.ਏ.ਪੀ ਖਾਦ ਦੀ ਬਰਾਬਰ ਮਾਤਰਾ ਵਿੱਚ 46% ਫਾਸਫੋਰਸ ਤੱਤ ਮੌਜੂਦ ਹੈ।
ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਦੀ ਹੈ ਕਿ ਪ੍ਰਤੀ ਏਕੜ ਇਕ ਬੈਗ ਡੀ.ਏ.ਪੀ ਜਾਂ ਟੀ.ਐਸ.ਪੀ ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾਵੇ। ਜੇਕਰ ਟੀ.ਐਸ.ਪੀ 46% ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਨਾਲ 20 ਕਿਲੋਗ੍ਰਾਮ ਯੂਰੀਆ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਛੱਟੇ ਨਾਲ ਵਰਤੀ ਜਾ ਸਕਦੀ ਹੈ, ਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜੇਕਰ ਕਣਕ ਦੀ ਬਿਜਾਈ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਰਕੇ ਕਰਨੀ ਹੋਵੇ ਤਾਂ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% ਪ੍ਰਤੀ ਏਕੜ ਵਰਤ ਕੇ ਕਣਕ ਦੀ ਫਸਲ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ।