ਗੁਰਦਾਸਪੁਰ 17 ਅਕਤੂਬਰ 2024- ਬਟਾਲਾ ਦੀ ਦਾਣਾ ਮੰਡੀ ਦੇ ਬਾਹਰ ਆੜਤ ਯੂਨੀਅਨ ਨੇ ਕਿਸਾਨਾਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਬਟਾਲਾ ਡੇਰਾ ਬਾਬਾ ਨਾਨਕ ਰੋਡ ਜਾਮ ਕਰ ਦਿੱਤਾ। ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨਾਂ ਬਿਨਾਂ ਕਸੂਰ ਦੇ ਆੜਤੀਆਂ ਨੂੰ ਬਦਨਾਮ ਕਰ ਰਹੀਆਂ ਹਨ। ਆੜਤੀਆਂ ਤੇ ਹੇਰਾਫੇਰੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਸ ਦੀ ਵਜਹਾ ਕਰਕੇ ਅੱਜ ਸਨੂੰ ਧਰਨਾ ਲਗਾਉਣਾ ਪਿਆ ਹੈ । ਉਹ ਮੰਨਦੇ ਹਨ ਕਿ ਨਾ ਤੇ ਮੰਡੀ ਦੇ ਵਿੱਚ ਫਸਲ ਦਾ ਭਾਅ ਪੂਰਾ ਮਿਲ ਰਿਹਾ ਹੈ ਅਤੇ ਨਾ ਹੀ ਕੋਈ ਲਿਫਟਿੰਗ ਹੋ ਰਹੀ ਹੈ ਪਰ ਇਸ ਵਿੱਚ ਆੜਤੀਏ ਦਾ ਕੋਈ ਕਸੂਰ ਨਹੀਂ।
ਆੜਤ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨ ਯੂਨੀਅਨ ਆੜਤੀਆਂ ਦੀ ਛਵੀ ਨੂੰ ਖਰਾਬ ਕਰ ਰਹੀਆਂ ਹਨ। ਮੰਡੀ ਦੇ ਵਿੱਚ ਆ ਕੇ ਕੇਵਲ ਤੇ ਕੇਵਲ ਆੜਤੀਆਂ ਤੇ ਹੀ ਦੋਸ਼ ਬਾਜੀ ਕੀਤੀ ਜਾ ਰਹੀ ਹੈ।ਅਸੀਂ ਆਪਣਾ ਅਕਸ ਸਾਫ ਰੱਖਣ ਲਈ ਅੱਜ ਧਰਨਾ ਲਗਾਇਆ ਹੈ ਜੇ ਕਿਸੇ ਕਿਸਾਨ ਯੂਨੀਅਨ ਨੇ ਆ ਕੇ ਸਾਡੇ ਕੋਲ ਸਪਸ਼ਟੀਕਰਨ ਲੈਣਾ ਹੈ ਤਾਂ ਲੈ ਸਕਦਾ ਹੈ। ਲੇਕਿਨ ਰੋਜ਼ ਰੋਜ਼ ਦੀ ਦੂਸ਼ਣਬਾਜ਼ੀ ਅਸੀਂ ਨਹੀਂ ਚੱਲਣ ਦੇਣੀ। ਉਹਨਾਂ ਕਿਹਾ ਕਿ ਬਟਾਲਾ ਮੰਡੀ ਵਿੱਚ ਨਾਂ ਤੇ ਬਾਰਦਾਣਾ ਹੈ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਭਾਅ ਮਿਲ ਰਿਹਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਲਿਫਟਿੰਗ ਹੋ ਰਹੀ ਹੈ। ਕੱਟ ਲਗਾਉਣ ਵਿੱਚ ਆਰਤੀਆਂ ਦਾ ਕੋਈ ਹੱਥ ਹੀ ਨਹੀਂ ਹੈ।