ਰਾਏਕੋਟ/ਲੁਧਿਆਣਾ, 17 ਅਕਤੂਬਰ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸੋਚ ਨੂੰ ਜ਼ੋ ਪਿਆਰ ਕਰਦੇ ਸੀ, ਉਹ ਸਰਪੰਚ 80 ਪ੍ਰਤੀਸ਼ਤ ਦੇ ਕਰੀਬ ਪੰਜਾਬ ਵਿੱਚੋਂ ਜਿੱਤੇ ਹਨ। ਜਿਸ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਇੱਕ-ਪੱਖੀ ਫਤਵਾ ਕਹਿ ਸਕਦੇ ਹੋ।
ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡਾਂ ਦੀਆਂ ਸਰਬ-ਸੰਮਤੀ ਅਤੇ ਚੋਣ ਦੁਬਾਰਾ ਜਿੱਤ ਕੇ ਬਣੀਆ ਪੰਚਾਇਤਾਂ ਦਾ ਦਫਤਰ ਆਮ ਆਦਮੀ ਪਾਰਟੀ ਖੰਨਾ ਵਿਖੇ ਵਿਸ਼ੇਸ਼ ਸਨਮਾਨ ਕਰਨ ਮੌਕੇ ਕੀਤਾ।
ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੋ ਕੰਮ ਸੂਬੇ ਵਿਚ ਕੀਤੇ ਜਾ ਰਹੇ ਹਨ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਇਹ ਫਤਵਾ ਆਇਆ ਹੈ। ਸੋ ਇਸ ਗੱਲ ਉੱਤੇ ਮੈਂ ਮੁਬਾਰਕਵਾਦ ਦਿੰਦਾ ਹਾਂ। ਉਹਨਾਂ ਕਿਹਾ ਕਿ ਖੰਨਾ ਵਿਧਾਨ ਸਭਾ ਹਲਕੇ ਵਿਚ 67 ਪਿੰਡ ਸੀ, ਜਿਨ੍ਹਾਂ ਵਿੱਚੋਂ ਲਗਭਗ 50 ਪਿੰਡਾਂ ਵਿਚ ਆਮ ਆਦਮੀ ਪਾਰਟੀ ਪੱਖੀ ਸੋਚ ਦੀ ਜਿੱਤ ਹੋਈ ਹੈ। ਹੁਣ ਪੂਰੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਪੂਰੀ ਤੇਜ਼ੀ ਨਾਲ ਹੋਵੇਗਾ। ਪਿੰਡਾਂ ਦੇ ਰੁਕੇ ਹੋਏ ਕੰਮ, ਜਿਹਨਾਂ ਵਿਚ ਵੱਡੇ ਪੱਧਰ ਤੇ ਅੜਿੱਕੇ ਪੈ ਰਹੇ ਸੀ ਜਾਂ ਪਾਏ ਜਾ ਰਹੇ ਸਨ ਉਹਨਾਂ ਸਾਰੇ ਅੜਿੱਕਿਆਂ ਨੂੰ ਖਤਮ ਕਰਕੇ ਪਿੰਡਾਂ ਦੇ ਵਿਕਾਸ ਦੀ ਗਤੀ ਦਿਨ ਦੁੱਗਣੀ ਰਾਤ ਚੌਗਣੀ ਸਪੀਡ ਨਾਲ ਅੱਗੇ ਵਧੇਗੀ।
ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਸੀਂ ਆਪਣੇ ਵਾਅਦੇ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਸਰਬ-ਸੰਮਤੀ ਹੋਈ ਹੈ, ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪੰਜਾਬ ਸਰਕਾਰ ਦਾ ਬਜਟ ਦੇਖਦੇ ਹੋਏ ਜਿੱਥੇ-ਜਿੱਥੇ ਦੀ ਪਰਵਿਜ਼ਨ ਹੁੰਦੀ ਗਈ, ਉੱਥੇ-ਉੱਥੇ 5 ਲੱਖ ਰੁਪਏ ਜ਼ਰੂਰ ਦੇਵਾਂਗੇ। ਉਹਨਾਂ ਕਿਹਾ ਕਿ ਜ਼ੋ ਪੰਚਾਇਤਾਂ ਇਮਾਨਦਾਰੀ ਨਾਲ ਕੰਮ ਕਰਨਗੀਆਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਕਰਨਗੀਆਂ ਉਹ ਅਗਲੀ ਵਾਰੀ ਫਿਰ ਵੋਟਾਂ ਲੈ ਲੈਣਗੀਆਂ। ਕਿਉਂਕਿ ਇਹ ਨੀਤੀ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਉਹਨਾਂ ਕਿਹਾ ਕਿ ਮੇਰੀ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡਾਂ ਨੂੰ ਪਿਆਰ ਕਰਨ ਅਤੇ ਪਿੰਡਾਂ ਦਾ ਸੁਧਾਰ ਕਰਨ।