ਲੁਧਿਆਣਾ 03 ਅਕਤੂਬਰ 2024 ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਨੇ ‘ਸਵੱਛਤਾ ਹੀ ਸੇਵਾ ਮੁਹਿੰਮ 2024’ ਤਹਿਤ ਪੋਸਟਰ ਬਨਾਉਣ ਅਤੇ ਨਾਅਰੇ ਲਿਖਣ ਦਾ ਮੁਕਾਬਲਾ ਕਰਵਾਇਆ। ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਸ ਦਾ ਵਿਸ਼ਾ ਸੀ ‘ਪਲਾਸਟਿਕ ਨੂੰ ਨਾ ਕਹੋ’। ਇਸ ਮੁਕਾਬਲੇ ਤੋਂ ਬਾਅਦ ਯੂਨੀਵਰਸਿਟੀ ਦੇ ਛੋਟੇ ਜਾਨਵਰਾਂ ਦੇ ਹਸਪਤਾਲ ਦੇ ਆਲੇ ਦੁਆਲੇ ਇਕ ਵੱਡੀ ਸਫਾਈ ਮੁਹਿੰਮ ਨੂੰ ਵੀ ਨੇਪਰੇ ਚਾੜ੍ਹਿਆ ਗਿਆ।
ਇਹ ਸਫਾਈ ਮੁਹਿੰਮ, ਜਾਗਰੂਕਤਾ ਕਾਰਜ ਅਤੇ ਪੌਦੇ ਲਗਾਉਣ ਦੀ ਮੁਹਿੰਮ ‘ਸਵੱਛਤਾ ਹੀ ਸੇਵਾ ਮੁਹਿੰਮ 2024’ ਪੰਦਰਵਾੜੇ ਦੇ ਤਹਿਤ ਚਲਾਈ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਕੀਤੀ ਗਈ। ਇਸ ਮੁਹਿੰਮ ਵਿਚ ਕੌਮੀ ਸੇਵਾ ਯੋਜਨਾ ਦੇ ਵਿਭਿੰਨ ਕਾਲਜਾਂ ਦੇ ਸੰਯੋਜਕ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਡਾ. ਨਿਧੀ ਸ਼ਰਮਾ, ਕੌਮੀ ਸੇਵਾ ਯੋਜਨਾ ਸੰਯੋਜਕ ਨੇ ਦੱਸਿਆ ਕਿ 150 ਤੋਂ ਵਧੇਰੇ ਵਲੰਟੀਅਰਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਨੂੰ ਸਾਫ ਸੁਥਰਾ ਕਰਨ ਅਤੇ ਹਰੇ ਭਰੇ ਬਨਾਉਣ ਵਿਚ ਅਹਿਮ ਯੋਗਦਾਨ ਪਾਇਆ। ਡਾ. ਵਿਕਾਸ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਕਲਾਤਮਕ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਹੁਨਰ ਵਿਖਾਇਆ ਅਤੇ ਬਹੁਤ ਪ੍ਰਭਾਵਸ਼ਾਲੀ ਪੋਸਟਰ ਅਤੇ ਦਿਲ ਟੁੰਬਵੇਂ ਨਾਅਰੇ ਤਿਆਰ ਕੀਤੇ।
ਡਾ. ਨਰਿੰਦਰ ਕੁਮਾਰ ਅਤੇ ਡਾ. ਸੱਯਦ ਹਸਨ ਵੱਖੋ-ਵੱਖਰੇ ਕਾਲਜਾਂ ਦੇ ਸੰਯੋਜਕਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸ਼ੁੱਧਤਾ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਲਈ ਪ੍ਰੇਰਿਤ ਕੀਤਾ। ਡਾ. ਹਰਕੀਰਤ ਸਿੰਘ, ਇੰਚਾਰਜ ਲੈਂਡਸਕੇਪਿੰਗ ਇਕਾਈ ਅਤੇ ਸ. ਜਸਕਰਨ ਸਿੰਘ ਸਹਾਇਕ ਮਿਲਖ਼ ਅਫ਼ਸਰ ਨੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਅਹਿਮ ਯੋਗਦਾਨ ਪਾਇਆ।