ਅੰਮ੍ਰਿਤਸਰ 07 ਅਕਤੂਬਰ, 2021 : ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਅੰਮ੍ਰਿਤਸਰ ਦੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਤੇ ਹੋਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ। ਇਸ ਦੌਰਾਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਨੂੰ ਲੈ ਕੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਅਰ ਜੀ ਵੱਲੋਂ ਹਰ ਗੁਰਪੁਰਬ, ਹਰ ਸਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਦੇ ਹਰ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਅਗਾਂਹ ਵੀ ਮੇਅਰ ਜੀ ਵੱਲੋਂ ਇਸੇ ਤਰ੍ਹਾਂ ਦੀ ਸਹਿਯੋਗ ਕਰਨ ਦੀ ਆਸ ਕਰਦਿਆਂ ਹੋਇਆਂ ਇਸ ਵਾਰ ਵੀ ਸ਼ਹਿਰ ਨੂੰ ਸਾਫ ਸਫਾਈ ਰੱਖਣ ਸਬੰਧੀ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਇਸ ਇਕੱਤਰਤਾ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੇਅਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਸ ਧਰਤੀ ਤੇ ਅਸੀਂ ਸਭ ਹੀ ਸੇਵਾਦਾਰ ਵਜੋਂ ਕੰਮ ਕਰ ਰਹੇ ਹਾਂ। ਮੇਅਰ ਨੇ ਮੌਕੇ ਤੇ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਵਾਰ ਨਗਰ ਕੀਰਤਨ ਜੋ ਕਿ ਵੱਡੇ ਪੱਧਰ ਤੇ ਸ਼ਹਿਰ ’ਚ ਨਿਕਲਣਾ ਹੈ ਅਤੇ ਜਿਸ-ਜਿਸ ਰਸਤੇ ਤੇ ਨਗਰ ਕੀਰਤਨ ਨਿਕਲਣਾ ਹੈ ਅਤੇ ਸੰਗਤਾਂ ਨੇ ਦੂਰ-ਦੁਰਾਡੇ ਤੋਂ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਾ ਹੈ, ਉਸ ਰਸਤੇ ਨੂੰ ਲੁੱਕ ਪਵਾਂ ਕੇ ਦਰੁਸਤ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਨਿਗਮ ਦੀਆਂ ਸਮੂਹ ਇਮਾਰਤਾਂ ਤੇ ਲਾਈਟਿੰਗ ਕਰਵਾਈ ਜਾਵੇਗੀ।
ਮੇਅਰ ਰਿੰਟੂ ਨੇ ਕਿਹਾ ਕਿ ਹੈਰੀਟੇਜ ਸਟਰੀਟ ਜਿਸ ਦੀ ਸਾਫ ਸਫਾਈ ਹਰ ਰੋਜ਼ 24 ਘੰਟੇ ਤਿੰਨ ਸ਼ਿਫਟਾਂ ਵਿੱਚ ਹੋ ਰਹੀ ਹੈ ਫਿਰ ਵੀ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਫਾਈ ਸੇਵਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਹਰ ਚੌਂਕ, ਚੁਰਾਹੇ ਤੇ ਹਾਈਮਾਸਟ ਲਾਈਟਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਅੰਮ੍ਰਿਤਸਰ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਹੋਵੇ। ਮੇਅਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਨੂੰ ਸਾਫ ਸੁਥਰਾ ਬਣਾਈ ਰੱਖਣ ਲਈ ਜਿੱਥੇ ਨਗਰ ਨਿਗਮ ਨੇ ਵਿਸ਼ੇਸ਼ ਤੌਰ ਤੇ ਟੀਮਾਂ ਦਾ ਗਠਨ ਕੀਤਾ ਹੈ ਉਥੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਿਰਪਾਓ ਅਤੇ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਜ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਸੰਦੀਪ ਸਿੰਘ ਨਿਗਰਾਨ ਇੰਜੀਨੀਅਰ, ਸ਼ੁਸ਼ਾਂਤ ਭਾਟੀਆਂ ਅਸਟੇਟ ਅਫਸਰ, ਸੌਰਭ ਚਾਵਲਾ ਸਿਹਤ ਅਫਸਰ, ਮਨਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ।