ਮੌੜ ਮੰਡੀ,21 ਅਗਸਤ 2024:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਮੌੜ ਮੰਡੀ ਵਿਖੇ ਹੋਈ।ਮੀਟਿੰਗ ਨੁੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੀ ਆਪ ਸਰਕਾਰ ਵੱਲੋਂ ਕਿਸਾਨਾਂ ਸਮੇਤ ਸਮੂਹ ਕਿਰਤੀ ਪੰਜਾਬੀਆਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਵਿਰੁੱਧ ਖੇਤੀ ਨੀਤੀ ਮੋਰਚਾ ਸ਼ੁਰੂ ਕਰਨ ਦੇ ਪਹਿਲੇ ਪੜਾਅ ‘ਤੇ 27 ਤੋਂ 31 ਅਗਸਤ ਤੱਕ ਡੀ ਸੀ ਦਫਤਰਾਂ ਅੱਗੇ ਦਿਨ ਰਾਤ ਪੰਜ ਰੋਜਾ ਧਰਨੇ (ਮੋਰਚਾ) ਲਾਏ ਜਾਣਗੇ । ਧਰਨੇ ਦੀ ਤਿਆਰੀ ਲਈ ਅੱਜ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕਰਾਉਣ ਅਤੇ ਮੰਗਾਂ ਘਰ ਘਰ ਪਹੁੰਚਾਉਣ ਦੀ ਵਿਉਂਤਬੰਦੀ ਕੀਤੀ ਗਈ ਅਤੇ ਪਿੰਡ ਕਮੇਟੀਆਂ ਨੂੰ ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਮਜ਼ਦੂਰਾਂ ਅਤੇ ਨਸ਼ਿਆਂ ਦੀ ਭੇਟ ਚੜ ਚੁੱਕੇ ਨੌਜਵਾਨਾਂ ਦੇ ਫਾਰਮ ਭਰਨ ਲਈ ਫਾਰਮ ਦਿੱਤੇ।
ਉਹਨਾਂ ਕਿਹਾ ਕਿ ਇਸ ਮੋਰਚੇ ਦੀ ਮੁੱਖ ਮੰਗ ਖੇਤੀ ਖੇਤਰ ਨੂੰ ਸੰਸਾਰ ਵਪਾਰ ਸੰਸਥਾ,ਸੰਸਾਰ ਬੈਂਕ ਅਤੇ ਕਾਰਪੋਰੇਟਾਂ ਦੇ ਪੰਜਿਆਂ ਤੋਂ ਮੁਕਤ ਕਰਨ ਵਾਲੀ ਨਵੀਂ ਖੇਤੀ ਨੀਤੀ ਦਾ ਐਲਾਨ ਵਾਅਦੇ ਅਨੁਸਾਰ ਤੁਰੰਤ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਜਮੀਨੀ ਤੋਟ ਪੂਰੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੈਂਕ ਤੇ ਸੁਦਖੋਰੀ ਕਰਜਿਆਂ ‘ਤੇ ਲਕੀਰ ਮਾਰੀ ਜਾਵੇ। ਕਰਜਿਆਂ ਤੇ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਖ਼ੁਦਕੁਸ਼ੀਆਂ ਤੋਂ ਪੀੜਤ ਪ੍ਰੀਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਸਾਰੀਆਂ ਫਸਲਾਂ ਦੇ ਲਾਭਕਾਰੀ ਭਾਅ ਮਿਥ ਕੇ ਖ੍ਰੀਦ ਦੀ ਕਾਨੂੰਨੀ ਗਰੰਟੀ ਰਾਹੀਂ ਝੋਨੇ ਦੀ ਥਾਂ ਹੋਰ ਫਸਲਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਦਾ ਪਾਣੀ ਬਚਾਇਆ ਜਾਵੇ। ਦਰਿਆਈ ਪਾਣੀਆਂ ਦੇ ਸਨਅਤੀ ਪ੍ਰਦੂਸਣ ਨੂੰ ਰੋਕ ਕੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ। ਨਸ਼ਿਆਂ ਦੀ ਮਹਾਂਮਾਰੀ ਤੋਂ ਪੰਜਾਬ ਨੂੰ ਬਚਾਉਣ ਲਈ ਨਸਾ ਉਤਪਾਦਕ ਸਨਅਤਕਾਰਾਂ, ਵੱਡੇ ਸਮਗਲਰਾਂ,ਉਚ ਸਿਆਸਤਦਾਨਾਂ ਤੇ ਅਫਸਰਸਾਹੀ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਫਸਲੀ ਤਬਾਹੀ ਦਾ ਮੁਆਵਜਾ ਕਾਸ਼ਤਕਾਰ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ ਅਤੇ ਇਸ ਵਿੱਚ ਪੰਜ ਏਕੜ ਦੀ ਸ਼ਰਤ ਹਟਾਈ ਜਾਵੇ। ਕਿਸਾਨ ਤੇ ਖੇਤ ਮਜ਼ਦੂਰ ਪਰਿਵਾਰਾਂ ਦੇ ਖੇਤੀ ‘ਚੋਂ ਵਾਧੂ ਜੀਆਂ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਤੋਂ ਪਹਿਲਾਂ ਗੁਜਾਰੇਯੋਗ ਬੇਰੁਜਗਾਰੀ ਭੱਤਾ ਦਿੱਤਾ ਜਾਵੇ। ਅਜਿਹੀ ਖੇਤੀ ਨੀਤੀ ਖਾਤਰ ਬਜਟ ਜੁਟਾਈ ਲਈ ਸੂਦਖੋਰਾਂ, ਜਗੀਰਦਾਰਾਂ ਅਤੇ ਕਾਰਪੋਰੇਟਾਂ ਉੱਤੇ ਮੋਟੇ ਟੈਕਸ ਲਾਉਣ ਤੇ ਉਗਰਾਹੁਣ ਦੀ ਗਰੰਟੀ ਕੀਤੀ ਜਾਵੇ ਅਤੇ ਹੋਰ ਭਖਦੀਆਂ ਮੰਗਾਂ ਸ਼ਾਮਲ ਹਨ। ਇਸ ਤੋ ਪਹਿਲਾਂ ਕਲਕੱਤਾ ਦੀ ਮਹਿਲਾ ਸਿਖਿਆਰਥੀ ਡਾਕਟਰ ਦੇ ਬਲਾਤਕਾਰੀ ਅਤੇ ਕਾਤਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਵਾਉਣ ਲਈ ਮੌੜ ਮੰਡੀ ਦੇ ਬਿਜਲੀ ਦਫਤਰ ਵਿਖੇ ਬਿਜਲੀ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਰੈਲੀ ਕਰ ਕੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲੀ ਪੱਛਮੀ ਬੰਗਾਲ ਦੀ ਸਰਕਾਰ ਦੀ ਅਰਥੀ ਫੂਕੀ। ਅੱਜ ਦੀ ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਅੰਮ੍ਰਿਤਪਾਲ ਸਿੰਘ ਮੌੜ ਚੜਤ ਸਿੰਘ, ਭੋਲਾ ਸਿੰਘ ਮਾੜੀ, ਗੁਰਦੀਪ ਸਿੰਘ ਮਾਈਸਰਖਾਨਾ ਵੀ ਸ਼ਾਮਲ ਸਨ।