ਫ਼ਿਰੋਜ਼ਪੁਰ 25 ਜੁਲਾਈ 2024 ਸੂਬੇ ਦੀ ਖੁਸ਼ਹਾਲੀ, ਤਰੱਕੀ ਤੇ ਵਿਕਾਸ ਤੋਂ ਇਲਾਵਾ ਔਰਤਾਂ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਰਾਂਤੀਕਾਰੀ ਰੋਲ ਨਿਭਾਉਣ, ਹਰ ਖੇਤਰ ਵਿੱਚ ਔਰਤਾਂ ਦਾ ਅੱਗੇ ਆਉਣਾ ਦੇਸ਼ ਦੀ ਤਰੱਕੀ ਲਈ ਸ਼ੁੱਭ ਸ਼ਗਨ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਬਾਰੇ ਕੇ ਵਿਖੇ ਵਿਲੇਜ ਡਿਫੈਂਸ ਕਮੇਟੀਆਂ, ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸੂਬੇ ਦੇ ਬਾਰਡਰ ਜ਼ਿਲ੍ਹਿਆਂ ਵਿਚ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣ ਦੇ ਸ਼ੁਰੂ ਕੀਤੇ ਯਤਨ ਦੇ ਹੁਣ ਚੰਗੇ ਨਤੀਜ਼ੇ ਸਾਹਮਣੇ ਆ ਰਹੇ ਹਨ। ਸਾਡੀਆਂ ਸੁਰੱਖਿਆ ਏਜੰਸੀਆਂ ਸਰਹੱਦੋਂ ਪਾਰ ਤੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਰਲ ਕੇ ਕਾਬੂ ਕਰਨ ਵਿਚ ਵੱਡੇ ਪੱਧਰ ’ਤੇ ਕਾਮਯਾਬ ਹੋ ਰਹੀਆਂ ਹਨ।