ਬਟਾਲਾ, 9 ਜੁਲਾਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੁੰ ਘਰ ਬੈਠੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ 1076 ਹੈਲਪਲਾਈਨ ਸੇਵਾ ਨਾਲ ਲੋਕਾਂ ਨੂੰ ਘਰ ਬੈਠੇ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ।
ਵਿਧਾਇਕ ਸ਼ੈਰੀ ਕਲਸੀ ਨੇ ਗੱਲ ਕਰਦਿਆਂ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਲੋਕਾਂ ਦਾ ਦਫ਼ਤਰਾਂ ਵਿਚ ਆਉਣ ਜਾਣ ਦਾ ਸਮਾਂ ਬਚਦਾ ਹੈ ਅਤੇ ਉਹ ਆਪਣੀ ਸੁਵਿਧਾ ਅਨੁਸਾਰ ਸਰਕਾਰੀ ਨੁੰਮਾਇੰਦੇ ਨੂੰ ਘਰ ਬੁਲਾ ਸਕਦੇ ਹਨ। ਜਿੱਥੇ ਸਰਕਾਰੀ ਨੁੰਮਾਇੰਦਾ ਨਾਗਰਿਕ ਦੇ ਘਰ ਆ ਕੇ ਉਸਦੀ ਅਰਜੀ ਲੈਂਦਾ ਹੈ, ਫੋਟੋ ਅਤੇ ਹੋਰ ਦਸਤਾਵੇਜ਼ ਪ੍ਰਾਪਤ ਕਰਦਾ ਹੈ ਅਤੇ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਵੀ ਘਰ ਪਹੁੰਚਾਉਂਦਾ ਹੈ।
ਉਨਾਂ ਨੇ ਦੱਸਿਆ ਕਿ ਇਸ ਤਹਿਤ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਹਲਫੀਆਂ ਬਿਆਨ, ਭਾਰ ਰਹਿਤ ਸਰਟੀਫਿਕੇਟ, ਜਮਾਂਬੰਦੀ ਕਢਵਾਉਣ ਸਬੰਧੀ, ਜ਼ਮੀਨ ਦੀ ਨਿਸ਼ਾਨਦੇਹੀ, ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਐਸ ਸੀ, ਬੀਸੀ ਸਰਟੀਫਿਕੇਟ ਆਦਿ ਵਰਗੀਆਂ ਕੁੱਲ 43 ਸੇਵਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਸੇਵਾ ਕੇਂਦਰ ਤੇ ਲੱਗਣ ਵਾਲੀ ਫੀਸ ਤੋਂ ਇਲਾਵਾ 120 ਰੁਪਏ ਦੀ ਪ੍ਰਤੀ ਸਰਵਿਸ ਵਿਜਿਟ ਫੀਸ ਅਲਗ ਤੋਂ ਲਾਗੂ ਹੈ।
ਉਨਾਂ ਨੇ ਆਨਲਾਈਨ ਅਪਲਾਈ ਦੀ ਵਿਧੀ ਬਾਰੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਲੋਕ ਲਗਭਗ 100 ਸਰਕਾਰੀ ਸੇਵਾਵਾਂ ਲਈ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ https://connect.punjab.gov.in/ਤੇ ਵੀ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਲੋਕ ਐਮ ਸੇਵਾ ਮੋਬਾਇਲ ਐਪ ਵੀ ਡਾਊਨਲੋਡ ਕਰ ਸਕਦੇ ਹਨ। ਪਰ ਇਸ ਤਰੀਕੇ ਨਾਲ ਅਪਲਾਈ ਕਰਨ ਸਮੇਂ ਨਾਗਰਿਕ ਆਪਣਾ ਯੂਜਰ ਨੇਮ ਅਤੇ ਪਾਸਵਰਡ ਯਾਦ ਰੱਖਣ ਅਤੇ ਸਾਰੇ ਦਸਤਾਵੇਜ ਅਪਲੋਡ ਕਰਨ ਅਤੇ ਅਪਲਾਈ ਕਰਨ ਤੋਂ ਬਾਅਦ ਸਮੇਂ ਸਮੇਂ ਤੇ ਆਪਣਾ ਅਕਾਉਂਟ ਚੈਕ ਕਰਦੇ ਰਹਿਣ। ਇਸ ਤਹਿਤ ਵੀ ਸਰਟੀਫਿਕੇਟ ਬਣ ਜਾਣ ਤੇ ਨਾਗਰਿਕ ਨੂੰ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ।