ਕੀ ਵੋਟਰਾਂ ਵਲੋਂ ਚੁਪ ਚਪੀਤੇ ਪਾਈਆਂ ਵੋਟਾਂ ਨਾਲ ਹੋਵੇਗਾ ਕੋਈ ਸਿਆਸੀ ਧਮਾਕਾ?
ਐਸ ਏ ਐਸ ਨਗਰ, 3 ਜੂਨ – ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਸਾਰੇ ਗੇੜਾਂ ਲਈ ਵੋਟਾਂ ਪੈਣ ਤੋਂ ਬਾਅਦ ਹੁਣ ਭਾਰਤ ਦੇ ਵੱਖ ਵੱਖ ਟੀ ਵੀ ਚੈਨਲਾਂ ਵਲੋਂ ਐਗਜਿਟ ਪੋਲ ਕਰਵਾ ਕੇ ਭਾਰਤ ਵਿਚ ਤੀਜੀ ਵਾਰ ਐਨ ਡੀ ਏ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਵੱਡੀ ਗਿਣਤੀ ਚੈਨਲਾਂ ਵਲੋਂ ਐਗਜਿਟ ਪੋਲ ਦੇ ਬਹਾਨੇ ਭਾਰਤ ਵਿਚ ਤੀਜੀ ਵਾਰ ਮੋਦੀ ਸਰਕਾਰ ਬਣਨ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਸ ਨੇ ਕਈ ਸਵਾਲ ਖੜੇ ਕਰ ਦਿਤੇ ਹਨ। ਇਹਨਾਂ ਨਿਊਜ ਚੈਨਲਾਂ ਤੇ ਵਾਰ ਵਾਰ ਇਕੋ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ 4 ਤਰੀਕ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਮੋਦੀ ਸਰਕਾਰ ਹੀ ਹੈਟ੍ਰਿਕ ਮਾਰੇਗੀ ਅਤੇ ਇਹਨਾਂ ਚੈਨਲਾਂ ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਚੋਣ ਕਾਰਗੁਜਾਰੀ ਨੂੰ ਬਹੁਤ ਘਟਾ ਕੇ ਦਿਖਾਇਆ ਜਾ ਰਿਹਾ ਹੈ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਿਊਜ ਚੈਨਲਾਂ ਦੇ ਐਗਜਿਟ ਪੋਲ ਨੂੰ ”ਫੈਂਟੇਸੀ ਪੋਲ” ਦਸਿਆ ਹੈ। ਐਗਜਿਟ ਪੋਲ ਨੂੰ ਲੈ ਕੇ ਉਹਨਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੰਡੀਆ ਗਠਬੰਧਨ ਨੂੰ 295 ਸੀਟਾਂ ਮਿਲਣ ਜਾ ਰਹੀਆਂ ਹਨ। ਰਾਹੁਲ ਗਾਂਧੀ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ”ਇਹ ਐਗਜਿਟ ਪੋਲ ਨਹੀਂ ਹੈ। ਇਸਦਾ ਨਾਮ ”ਮੋਦੀ ਮੀਡੀਆ ਪੋਲ” ਹੈ, ਮੋਦੀ ਜੀ ਦਾ ਪੋਲ ਹੈ, ਉਹਨਾਂ ਦਾ ਫੈਂਟੇਸੀ ਪੋਲ ਹੈ।” ਕੁਝ ਇਸੇ ਤਰ੍ਹਾਂ ਦੇ ਵਿਚਾਰ ਕਈ ਕਾਂਗਰਸੀ ਆਗੂਆਂ ਦੇ ਵੀ ਹਨ।
ਆਪ ਸੁਪਰੀਮੋ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜੇਲ ਜਾਣ ਤੋਂ ਪਹਿਲਾਂ ਸਪਸ਼ਟ ਤੌਰ ਤੇ ਤੀਜੀ ਵਾਰ ਐਨਡੀਏ ਸਰਕਾਰ ਬਣਨ ਦੇ ਐਗਜਿਟ ਪੋਲ ਦੇ ਦਾਅਵਿਆਂ ਨੂੰ ਪੂਰੀ ਤਰਾਂ ਫਰਜੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਸਭ ਕੁਝ ਭਾਜਪਾ ਦੀ ਚਾਲ ਹੈ ਅਤੇ ਜਾਣ ਬੁਝ ਕੇ ਗਲਤ ਐਗਜਿਟ ਪੋਲ ਦਿਖਾਏ ਜਾ ਰਹੇ ਹਨ। ਕੇਜਰੀਵਾਲ ਨੇ ਦੋਸ਼ ਲਗਾਏ ਹਨ ਕਿ ਅਜਿਹਾ ਭਾਜਪਾ ਵਲੋਂ ਵੋਟ ਮਸੀਨਾਂ ਵਿਚ ਹੇਰਾਫੇਰੀ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸੇ ਕਾਰਨ ਭਾਜਪਾ ਨੂੰ ਚੋਣ ਨਤੀਜੇ ਤੋਂ ਤਿੰਨ ਦਿਨ ਪਹਿਲਾਂ ਫਰਜੀ ਐਗਜਿਟ ਪੋਲ ਦੀ ਲੋੜ ਪੈ ਗਈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਐਗਜਿਟ ਪੋਲ ਦੇ ਦਾਅਵੇ ਕਿੰਨੇ ਕੁ ਸਹੀ ਹਨ ਜਾਂ ਵੋਟਾਂ ਵਾਲੇ ਦਿਨ ਐਗਜਿਟ ਪੋਲ ਦੇ ਦਾਅਵੇ ਕਿੰਨੇ ਕੁ ਸਹੀ ਸਾਬਿਤ ਹੋਣਗੇ? ਇਸ ਸੰਬੰਧੀ ਕਈ ਕਾਂਗਰਸੀ ਆਗੂਆਂ ਵਲੋਂ ਸਮੇਂ ਸਮੇਂ ਤੇ ਇਹ ਦੋਸ਼ ਵੀ ਲਗਾਇਆ ਜਾਂਦਾ ਰਿਹਾ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਨਿਊਜ ਚੈਨਲ ਸਿਰਫ ਭਾਜਪਾ ਦੇ ਹੱਕ ਦੀ ਬੋਲੀ ਬੋਲਦੇ ਹਨ ਅਤੇ ਕੁਝ ਨਿਰਪੱਖ ਮਾਹਿਰ ਨੇ ਤਾਂ ਇਹਨਾਂ ਚੈਨਲਾਂ ਨੂੰ ਗੋਦੀ ਮੀਡੀਆ ਦਾ ਨਾਮ ਵੀ ਦਿੱਤਾ ਹੋਇਆ ਹੈ। ਇਹਨਾਂ ਨਿਊਜ ਚੈਨਲਾਂ ਦੀ ਭਰੋਸੇਯੋਗਤਾ ਤੇ ਅਕਸਰ ਸਵਾਲ ਉਠਦੇ ਰਹਿੰਦੇ ਹਨ।
ਇਹਨਾਂ ਨਿਊਜ ਚੈਨਲਾਂ ਵਲੋਂ ਐਗਜਿਟ ਪੋਲ ਰਾਹੀਂ ਕੀਤੇ ਗਏ ਦਾਅਵੇ ਕਿੰਨੇ ਕੁ ਸਹੀ ਨਿਕਲਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਕ ਗੱਲ ਜਰੂਰ ਹੈ ਕਿ ਭਾਰਤ ਦੇ ਵੱਡੀ ਗਿਣਤੀ ਵੋਟਰਾਂ ਨੇ ਜੋ ਚੁੱਪ ਚਪੀਤੇ ਵੋਟਾਂ ਪਾਈਆਂ ਹਨ, ਜੇਕਰ ਉਹਨਾਂ ਵੋਟਾਂ ਨੇ ਕੋਈ ਸਿਆਸੀ ਧਮਾਕਾ ਕਰ ਦਿਤਾ ਤਾਂ ਭਾਰਤ ਵਿਚ ਸਿਆਸੀ ਸਥਿਤੀ ਬਦਲ ਸਕਦੀ ਹੈ।
ਕੁਝ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਜੇ ਚੋਣ ਨਤੀਜਿਆਂ ਤੋਂ ਬਾਅਦ ਐਗਜਿਟ ਪੋਲ ਦੇ ਦਾਅਵੇ ਗਲਤ ਸਾਬਿਤ ਹੋਏ ਤਾਂ ਇਹਨਾਂ ਨਿਊਜ ਚੈਨਲਾਂ ਦੀ ਭਰੋਸੇ ਯੋਗਤਾ ਤੇ ਵੱਡਾ ਸਵਾਲ ਖੜਾ ਹੋ ਜਾਵੇਗਾ। ਇਸ ਸਮੇਂ ਸਭ ਦੀਆਂ ਨਜਰਾਂ 4 ਜੂਨ ਨੂੰ ਆਉਣ ਵਾਲੇ ਚੋਣਾ ਦੇ ਨਤੀਜਿਆਂ ਤੇ ਲੱਗੀਆਂ ਹੋਈਆਂ ਹਨ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ਬਾਰੇ ਕੁੱਝ ਕਹਿਣਾ ਮੁਸ਼ਕਿਲ ਹੈ।