ਨਵੀਂ ਦਿੱਲੀ, 22 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਭਰੇ ਮੈਸੇਜ ਲਿਖਣ ਵਾਲਾ ਵਿਅਕਤੀ ਅੰਕਿਤ ਗੋਇਲ ਗ੍ਰਿਫ਼ਤਾਰ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਦੋਸ਼ੀ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ ਹੈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਇਕ ਨੌਜਵਾਨ ਨੂੰ ਸਾਈਨਬੋਰਡ ਅਤੇ ਕੋਚ ਵਿੱਚ ਲਿਖਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲੀਸ ਅਨੁਸਾਰ ਇਹ ਉਹੀ ਵਿਅਕਤੀ ਹੈ, ਜਿਸ ਨੇ ਨਾਅਰੇ ਲਿਖੇ ਹੋਣ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ। ਮੈਟਰੋ ਦੇ ਅੰਦਰ ਅਤੇ ਸਟੇਸ਼ਨਾਂ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਖ਼ਿਲਾਫ਼ ਨਾਅਰੇ ਲਿਖੇ ਜਾਣ ਤੋਂ ਬਾਅਦ ਦਿੱਲੀ ਪੁਲੀਸ ਨੇ ਐਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲੀਸ ਸੂਤਰਾਂ ਅਨੁਸਾਰ, ਦੋਸ਼ੀ ਅੰਕਿਤ ਗੋਇਲ ਪਹਿਲੇ ਅਰਵਿੰਦ ਕੇਜਰੀਵਾਲ ਦਾ ਵੱਡਾ ਫੈਨ ਸੀ ਪਰ ਹਾਲ ਹੀ ਵਿੱਚ ਕੇਜਰੀਵਾਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਖ਼ਿਲਾਫ਼ ਨਾਅਰੇ ਲਿਖਣੇ ਸ਼ੁਰੂ ਕਰ ਦਿੱਤੇ।
ਦੋਸ਼ੀ ਨੇ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨ ਤੇ ਕੇਜਰੀਵਾਲ ਨੂੰ ਲੈ ਕੇ ਅੰਗਰੇਜ਼ੀ ਵਿੱਚ ਮੈਸੇਜ ਲਿਖਿਆ ਸੀ। ਦੋਸ਼ੀ ਧਮਕੀ ਲਿਖਦੇ ਹੋਏ ਸੀ.ਸੀ.ਟੀ.ਵੀ. ਵਿੱਚ ਕੈਦ ਹੋਇਆ ਹੈ। ਪੁਲੀਸ ਅਨੁਸਾਰ ਦੋਸ਼ੀ ਬਰੇਲੀ ਦਾ ਰਹਿਣ ਵਾਲਾ ਹੈ। ਦੋਸ਼ੀ ਦਾ ਨਾਂ ਅੰਕਿਤ ਗੋਇਲ ਹੈ। ਪੁਲੀਸ ਨੇ ਦੱਸਿਆ ਹੈ ਕਿ ਦੋਸ਼ੀ ਬਹੁਤ ਪੜ੍ਹਿਆ ਲਿਖਿਆ ਹੈ ਅਤੇ ਇਕ ਨਾਮੀ ਬੈਂਕ ਵਿੱਚ ਕੰਮ ਕਰਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਕਿਸੇ ਰਾਜਨੀਤਕ ਪਾਰਟੀ ਨਾਲ ਨਹੀਂ ਜੁੜਿਆ ਹੈ।