ਐਸ ਏ ਐਸ ਨਗਰ, 20 ਮਈ-ਵਿਧਾਨ ਸਭਾ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਸਰਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾ ਨੂੰ ਹਥਿਆਉਣ ਲਈ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਗਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਔਰਤਾਂ ਦੇ ਅਪਮਾਨ ਤੇ ਉਤਾਰੂ ਹੋ ਗਈ ਹੈ। ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਮੁਹਾਲੀ ਦੇ ਵੱਖ-ਵੱਖ ਪਿੰਡਾਂ ਚੱਪੜਚਿੜੀ ਕਲਾਂ, ਕੈਲੋਂ, ਫੇਜ਼ 6 ਮੁਹਾਲੀ, ਊਧਮ ਸਿੰਘ ਕਲੋਨੀ, ਫੇਜ਼ 2 ਵਿਖੇ ਵੱਖ-ਵੱਖ ਚੋਣ ਮੀਟਿੰਗਾਂ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਅਖੌਤੀ ਇਨਕਲਾਬੀ ਹਕੂਮਤ ਨੇ ਢਾਈ ਸਾਲ ਵਿੱਚ ਹੀ ਲੋਕਾਂ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ ਜਿਸ ਕਾਰਨ ਸਮੂਹ ਵਰਗ ਸਰਕਾਰ ਤੋਂ ਬੇਹੱਦ ਖਫਾ ਅਤੇ ਦੁਖੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਕਾਂਗਰਸ ਪਾਰਟੀ ਨੇ ਸਾਬੋਤਾਜ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅੰਦਰਖਾਤੇ ਮਿਲ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ ਜਿਸ ਬਾਰੇ ਸਮੂਹ ਵੋਟਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਆਗੂ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ ਬਰਾੜ, ਸੰਦੀਪ ਕੁਮਾਰ ਨੰਬਰਦਾਰ, ਕਰਮਜੀਤ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਸੋਹਣ ਸਿੰਘ ਜੁਝਾਰ ਨਗਰ, ਬੀਬਾ ਮੁਸਕਾਨ, ਸੋਹਣ ਸਿੰਘ ਸਰਪੰਚ ਚੱਪੜਚਿੜੀ ਅਤੇ ਸੰਜੇ ਆਦਿ ਹਾਜਰ ਸਨ।