ਔਕਲੈਂਡ, 5 ਜੁਲਾਈ, 2020 : 19 ਸਤੰਬਰ ਨੂੰ ਨਿਊਜ਼ੀਲੈਂਡ ਦੀਆਂ ਆ ਰਹੀਆਂ ਆਮ ਚੋਣਾਂ (19 ਸਤੰਬਰ) ਦੇ ਲਈ ਹਲਕਾ ਟਾਕਾਨੀਨੀ ਅਤੇ ਹਲਕਾ ਮੈਨੁਰੇਵਾ ਦੇ ਉਮੀਦਵਾਰ ਸਰਗਰਮ ਹੋਣੇ ਸ਼ੁਰੂ ਹੋ ਗਏ ਹਨ। ਉਮੀਦਵਾਰਾਂ ਵੱਲੋਂ ਲੋਕਾਂ ਨਾਲ ਮੇਲ-ਮਿਲਾਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਅੱਜ ‘ਲੇਬਰ ਇਲੈਕਸ਼ਨ ਕਮੇਟੀ’ (ਐਲ. ਈ. ਸੀ.) ਦੀ ਚੇਅਰਪਰਸਨ ਐਨੀ ਸਿੰਘ, ਮੈਂਬਰਸ਼ਿੱਪ ਦੇ ਸੈਕਟਰੀ ਖੜਗ ਸਿੰਘ ਟਾਕਾਨੀਨੀ ਹਲਕੇ ਦੇ ਉਮੀਦਵਾਰ ਡਾ. ਨੈਰੂ ਲੇਵਾਸਾ, ਉਨ੍ਹਾਂ ਦੀ ਪਤਨੀ ਓਲੀਵੀਆ ਲੇਵਾਸਾ, ਹਲਕਾ ਮੈਨੁਰੇਵਾ ਦੀ ਉਮੀਦਵਾਰ ਅਰੀਨਾ ਵਿਲੀਅਮਜ਼ ਅਤੇ ਹੋਰ ਕਈ ਸਰਗਰਮ ਮੈਂਬਰਾਂ ਦੇ ਨਾਲ ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਪਹੁੰਚੇ। ਖੜਗ ਸਿੰਘ ਨੇ ਸੰਗਤਾਂ ਨੂੰ ਸਾਰੇ ਮੈਂਬਰਜ਼ ਅਤੇ ਖੜ੍ਹੇ ਉਮੀਦਵਾਰਾਂ ਬਾਰੇ ਜਾਣ-ਪਹਿਚਾਣ ਕਰਵਾਈ ਅਤੇ ਆ ਰਹੀਆਂ ਚੋਣਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਲੇਬਰ ਪਾਰਟੀ ਦੇ ਕੰਮਾਂ ਦੀ ਵੀ ਉਨ੍ਹਾਂ ਤਰੀਫ ਕੀਤੀ ਤੇ ਉਮੀਦਵਾਰਾਂ ਨੂੰ ਸੰਬੋਧਨ ਲਈ ਬੁਲਾਇਆ। ਹਲਕਾ ਟਾਕਾਨੀਨੀ ਦੇ ਉਮੀਦਵਾਰ ਡਾ. ਨੈਰੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਲੇਬਰ ਸਰਕਾਰ ਨੇ ਜਿੱਥੇ ਕਰੋਨਾ ਵਰਗੀ ਬਿਮਾਰੀ ਨੂੰ ਬੜੀ ਤਕਨੀਕ ਨਾਲ ਕਾਬੂ ਕੀਤਾ ਹੈ ਉਥੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਵੇਖਦਿਆਂ ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕੀਤੀ। ਮੈਨੁਰੇਵਾ ਹਲਕੇ ਦੀ ਉਮੀਦਵਾਰ ਅਰੀਨਾ ਵਿਲੀਅਮ ਨੇ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਕਿਉਂਕਿ ਉਹ ਜਿੱਥੇ ਇਕ ਵਕੀਲ ਹਨ ਅਤੇ ਹੈਲਥ ਬੋਰਡ ਦੀ ਮੈਂਬਰ ਵੀ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ 200 ਮਿਲੀਅਨ ਦੀ ਸਿਹਤ ਸਹੂਲਤਾਂ ਵਾਸਤੇ ਰਾਸ਼ੀ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਐਨੀ ਸਿੰਘ ਜੋ ਕਿ ਸਮੋਆ ਮੂਲ ਦੀ ਐਲ. ਈ. ਸੀ. ਚੇਅਰ ਹੈ ਅੱਜ ਪੰਜਾਬੀ ਸੂਟ ਪਾ ਕੇ ਆਈ ਅਤੇ ਕਮਾਲ ਦੀ ਗੱਲ ਰਹੀ ਕਿ ਉਸਨੇ ਪੰਜਾਬੀ ਦੇ ਵਿਚ ਹੀ ਸੰਗਤ ਨੂੰ ਸੰਬੋਧਨ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਆਏ ਸਾਰੇ ਉਮੀਦਵਾਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਰਣਵੀਰ ਸਿੰਘ ਸੰਧੂ ਜੋ ਕਿ ਗੁਰਦੁਆਰਾ ਪ੍ਰਬੰਧ ਵੀ ਵੇਖਦੇ ਹਨ, ਵੀ ਹਾਜ਼ਿਰ ਸਨ।