ਫਰਿਜ਼ਨੋ (ਕੈਲੀਫੋਰਨੀਆ) 13 ਅਕਤੂਬਰ 2021-ਇੱਕ ਅਫਗਾਨ ਟ੍ਰਾਂਸਲੇਟਰ (ਦੁਭਾਸ਼ੀਆ) ਜਿਸਨੇ 2008 ਵਿੱਚ ਸੈਨੇਟਰ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਹੇ ਜੋਅ ਬਾਈਡੇਨ ਦੀ ਅਫਗਾਨਿਸਤਾਨ ਵਿੱਚ ਮੱਦਦ ਕੀਤੀ ਸੀ ਨੂੰ, ਅਮਰੀਕਾ ਦੀ ਸ਼ੁਰੂਆਤੀ ਨਿਕਾਸੀ ਮੁਹਿੰਮ ਵਿੱਚ ਪਿੱਛੇ ਰਹਿ ਜਾਣ ਤੋਂ ਬਾਅਦ ਅਖੀਰ ਵਿੱਚ ਸੁਰੱਖਿਅਤ ਕੱਢਿਆ ਗਿਆ ਹੈ। ਅਮਨ ਖਲੀਲੀ ਨਾਮ ਦਾ ਇਹ ਟ੍ਰਾਂਸਲੇਟਰ ਜੋ ਕਿ ਪਹਿਲਾਂ ਸੁਰੱਖਿਆ ਦੇ ਕਾਰਨਾਂ ਕਰਕੇ ਮੁਹੰਮਦ ਨਾਮ ਨਾਲ ਜਾਣਿਆ ਜਾਂਦਾ ਸੀ ਪਿਛਲੇ ਹਫਤੇ ਅਫਗਾਨਿਸਤਾਨ ਛੱਡ ਕੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਆ ਗਿਆ ਸੀ।
ਖਲੀਲੀ ਅਤੇ ਉਸਦੇ ਪਰਿਵਾਰ ਨੇ ਅਗਸਤ ਵਿੱਚ ਅਮਰੀਕੀ ਸੈਨਿਕਾਂ ਦੀ ਵਾਪਸੀ ਅਤੇ ਸ਼ੁਰੂਆਤੀ ਨਿਕਾਸੀ ਦੇ ਯਤਨਾਂ ਦੇ ਅੰਤ ਤੋਂ ਬਾਅਦ ਕਈ ਹਫਤੇ ਲੁਕ ਕੇ ਬਿਤਾਏ।
ਹਾਲਾਂਕਿ ਅਮਰੀਕਾ ਆਪਣੀ ਸਮਾਂ ਸੀਮਾ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਅਫਗਾਨਿਸਤਾਨ ਦੇਸ਼ ਵਿੱਚੋਂ ਕੱਢਣ ਵਿੱਚ ਕਾਮਯਾਬ ਹੋ ਗਿਆ ਸੀ, ਪਰ ਸੈਂਕੜੇ ਅਮਰੀਕਨ ਅਤੇ ਸਹਿਯੋਗੀ ਕਰਮਚਾਰੀ ਉੱਥੇ ਰਹਿ ਗਏ ਹਨ। ਅਗਸਤ ਦੇ ਅੰਤ ਵਿੱਚ, ਖਲੀਲੀ ਨੇ ਰਾਸ਼ਟਰਪਤੀ ਨੂੰ ਸਿੱਧੀ ਅਪੀਲ ਕਰਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਲਈ ਕਿਹਾ ਸੀ। ਜਿਸ ਤਹਿਤ ਪਿਛਲੇ ਛੇ ਹਫਤਿਆਂ ਵਿੱਚ, ਅਮਰੀਕੀ ਸਾਬਕਾ ਫੌਜੀਆਂ ਨੇ ਸਾਬਕਾ ਅਫਗਾਨ ਸੈਨਿਕਾਂ ਅਤੇ ਪਾਕਿਸਤਾਨੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਖਲੀਲੀ ਅਤੇ ਉਸਦੇ ਪਰਿਵਾਰ ਨੂੰ ਬਾਹਰ ਕੱਢਿਆ।
2008 ਵਿੱਚ, ਉਸ ਸਮੇ ਦੇ ਸੈਨੇਟਰ ਜੌਨ ਕੈਰੀ (ਡੀ-ਮਾਸ), ਚੱਕ ਹੇਗਲ (ਆਰ-ਨੇਬ) ਅਤੇ ਬਾਈਡੇਨ (ਡੀ-ਡੇਲ) ਅਮਰੀਕੀ ਫੌਜ ਦੇ ਬਲੈਕ ਹਾਕ ਹੈਲੀਕਾਪਟਰਾਂ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਬਰਫਾਨੀ ਤੂਫਾਨ ਕਾਰਨ ਅਫਗਾਨ ਪਹਾੜਾਂ ਵਿੱਚ ਉਤਰਨਾ ਪਿਆ ਸੀ। ਖਲੀਲੀ, ਜੋ ਉਸ ਸਮੇਂ 36 ਸਾਲਾਂ ਦਾ ਸੀ, ਯੂਐਸ ਫੌਜ ਦੇ ਨਾਲ ਦੁਭਾਸ਼ੀਏ ਵਜੋਂ ਕੰਮ ਕਰ ਰਿਹਾ ਸੀ, ਨੇ ਸੈਨੇਟਰਾਂ ਦੀ ਮੱਦਦ ਕੀਤੀ ਸੀ।
ਖਲੀਲੀ ਇਸ ਨਿਕਾਸੀ ਮੁਹਿੰਮ ਤਹਿਤ ਆਪਣੇ ਪਰਿਵਾਰ ਸਮੇਤ ਸੋਮਵਾਰ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਰਾਹੀਂ ਪਾਕਿਸਤਾਨ ਤੋਂ ਦੋਹਾ ਕਤਰ ਦੀ ਉਡਾਣ ਲਈ ਤਿਆਰ ਸੀ।