ਔਕਲੈਂਡ, 29 ਜੂਨ, 2020 : ਨਿਊਜ਼ੀਲੈਂਡ ‘ਚ ਮੈਨੇਜਡ ਆਈਸੋਲੇਸ਼ਨ ‘ਚ ਦੋ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਪੁਸ਼ਟੀ ਕੀਤੀ ਹੈ। ਪਹਿਲਾ ਕੇਸ 50 ਸਾਲਾਂ ਦੇ ਇੱਕ ਆਦਮੀ ਦਾ ਹੈ ਜੋ 24 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ, ਜਦੋਂ ਕਿ ਦੂਜਾ ਕੇਸ 20 ਸਾਲਾਂ ਦੀ ਇਕ ਮਹਿਲਾ ਦਾ ਹੈ ਜੋ 20 ਜੂਨ ਨੂੰ ਅਮਰੀਕਾ ਤੋਂ ਆਈ ਸੀ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਨਿਊਜ਼ੀਲੈਂਡ ਵਿੱਚ ਹੁਣ 22 ਐਕਟਿਵ ਮਾਮਲੇ ਹੋ ਗਏ ਹਨ। ਗੌਰਤਲਬ ਹੈ ਕਿ ਕੱਲ੍ਹ 4 ਨਵੇਂ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ ਇਕ ਵਿਅਕਤੀ ਹਸਪਤਾਲ ਵਿੱਚ ਵੀ ਦਾਖ਼ਲ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1178 ਪੁਸ਼ਟੀ ਕੀਤੇ ਗਏ ਅਤੇ 350 ਸੰਭਾਵਿਤ ਕੇਸ ਹੋ ਗਏ ਹਨ। ਰੋਨਾ ਕਾਰਨ ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਸਿਹਤ ਵਿਭਾਗ 367 ਉਨ੍ਹਾਂ ਲੋਕਾਂ ਨੂੰ ਵੀ ਲੱਭ ਰਿਹਾ ਹੈ ਜਿਨ੍ਹਾਂ ਦੀ ਸਕਰੀਨਿੰਗ ਕੀਤੀ ਜਾਣੀ ਹੈ। ਕੱਲ੍ਹ 2754 ਹੋਰ ਟੈਸਟ ਕੀਤੇ ਗਏ ਅਤੇ ਕੁੱਲ ਟੈਸਟ 395,510 ਹੋ ਗਏ ਹਨ। ਏਥਨਿਕ ਨਜ਼ਰਾਂ ਨਾਲ ਵੇਖਿਆ ਜਾਵੇ ਤਾਂ ਸਾਰਿਆਂ ਤੋਂ ਜਿਆਦਾ ਯਰੂਪੀਅਨ ਲੋਕ 70%, ਏਸ਼ੀਅਨ 14%, ਮਾਓਰੀ 9%, ਪੈਸੇਫਿਕ ਲੋਕ 5% ਅਤੇ ਬਾਕੀ ਦੇ 2% ਰਹੇ। 20 ਤੋਂ 29 ਸਾਲ ਵਾਲੇ ਸਭ ਤੋਂ ਜਿਆਦਾ ਗਿਣਤੀ ਦੇ ਵਿਚ ਕਰੋਨਾ ਦੀ ਮਾਰ ਹੇਠ ਆਏ।