ਜਗਰਾਓਂ, 5 ਜੁਲਾਈ 2020 -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਸੈਸ਼ਨ ”ਕੈਪਟਨ ਨੂੰ ਸਵਾਲ” ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਨਾਲ ਸੰਬੰਧਤ ਕਮਲਦੀਪ ਬਾਂਸਲ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਜਨਮ ਅਸਥਾਨ ਦੇ ਉੱਚਿਤ ਰੱਖ ਰਖਾਵ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਇਸ ਸਥਾਨ ਦਾ ਦੌਰਾ ਕਰਨ ਲਈ ਭੇਜਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਵਾਰ ਇਸ ਸ਼ਹੀਦ ਦੇ ਘਰ ਜਾਣ ਦਾ ਮੌਕਾ ਮਿਲਿਆ ਹੈ। ਸ਼ਹੀਦ ਦੇ ਘਰ ਦੀ ਮੌਜੂਦਾ ਹਾਲਤ ਬਾਰੇ ਉਨ੍ਹਾਂ ਨੂੰ ਇਲਮ ਨਹੀਂ ਹੈ। ਪੰਜਾਬ ਸਰਕਾਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖੇਗੀ।
ਸ਼ਹੀਦ ਲਾਲਾ ਲਾਜਪਤ ਰਾਏ ਜੀ ਦਾ ਜਨਮ 1865 ਨੂੰ ਹੋਇਆ ਸੀ ਅਤੇ ਕਈ ਕ੍ਰਾਂਤੀਕਾਰੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਸਨ ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਲਾਲਾ ਜੀ ਦਾ ਜੱਦੀ ਘਰ ਜਗਰਾਓਂ ਵਿਖੇ ਸਥਿਤ ਹੈ ਅਤੇ ਉਸ ਦੀ ਹਾਲਤ ਖਰਾਬ ਹੋ ਚੁੱਕੀ ਹੈ। ਕਈ ਸਰਕਾਰਾਂ ਆਇਆਂ ਅਤੇ ਗਈਆਂ ਪਰ ਘਰ ਦੀ ਹਾਲਤ ਸੁਧਾਰਨ ਦੇ ਵਾਅਦੇ ਸਿਰਫ ਵਾਅਦੇ ਹੀ ਰਹੇ। ਕਮਲਦੀਪ ਬੰਸਲ ਜੋਕਿ ਸਮਾਜਸੇਵਕ ਹਨ , ਨੇ ਕੈਪਟਨ ਨੂੰ ਇਹ ਸਵਾਲ ਪੁੱਛ ਕੇ ਸ਼ਹਿਰ ਵਿਖੇ ਸਥਿਤ ਲਾਲਾ ਜੀ ਦੇ ਘਰ ਦੇ ਰੱਖਰਖਾਵ ਲਈ ਕਿਹਾ ਸੀ ਹਾਲਾਂਕਿ ਮੁੱਖਮੰਤਰੀ ਸਾਹਿਬ ਵਲੋਂ ਹਾਂ ਤਾਂ ਕਹਿ ਦਿੱਤੀ ਗਈ ਹੈ ਪਰ ਇਹ ਕੰਮ ਕਿੰਨੇ ਕੁ ਸਮੇ ਵਿੱਚ ਹੋ ਜਾਵੇਗਾ ਇਹ ਵਕਤ ਹੀ ਦੱਸੇਗਾ। ਬਾਂਸਲ ਦੀ ਇਹ ਵੀ ਮੰਗ ਹੈ ਕਿ ਜੋ ਵੀ ਬਰਤਨ ਆਦਿ ਸਾਮਾਨ ਘਰ ਵਿਚ ਪਿਆ ਹੈ ਉਸਨੂੰ ਮਿਊਜ਼ੀਅਮ ਵਿਚ ਲਗਾਉਣਾ ਚਾਹੀਦਾ ਹੈ ਅਤੇ ਬਾਂਸਲ ਦੀ ਇਹ ਵੀ ਮੰਗ ਹੈ ਕਿ ਲਾਲਾ ਜੀ ਦੇ ਬਲੀਦਾਨ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਣਾ ਚਾਹੀਦਾ ਹੈ।