ਖਰੜ, 29 ਅਪ੍ਰੈਲ – ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬੀ.ਐਨ.ਸ਼ਰਮਾ ਅਤੇ ਉਹਨਾਂ ਦੇ ਬੇਟੇ ਨਗੇਸ਼ਵਰ ਸ਼ਰਮਾ ਵਲੋਂ ਗਾਇਕ ਨਰਿੰਦਰ ਦਾ ਪਲੇਠਾ ਸ਼ਿੰਗਲ ਟਰੈਕ ‘ਮਾਫੀਆ ਅਪੀਲ’ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਨੇ ਸਟਰੇਂਜਰ ਸਟੂਡਿਓ ਘੜੂੰਆਂ ਵਿਖੇ ਆਯੋਜਿਤ ਸਮਾਗਮ ਦੌਰਾਨ ਬੀ ਐਨ ਸ਼ਰਮਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਗੀਤ ਪੁਰਾਤਨ ਸਮੇਂ ਤੋਂ ਹੀ ਮਨੁੱਖ ਦੀ ਰੂਹ ਦੀ ਖੁਰਾਕ ਰਿਹਾ ਹੈ ਅਤੇ ਜਦੋਂ ਤੋਂ ਪਰਮਾਤਮਾ ਨੇ ਇਹ ਧਰਤੀ ਸਿਰਜੀ ਹੈ ਉਦੋਂ ਤੋਂ ਹੀ ਸੰਗੀਤ ਮੌਜੂਦ ਰਿਹਾ ਹੈ। ਉਹਨਾਂ ਕਿਹਾ ਕਿ ਸ਼ਿਵਜੀ ਭਗਵਾਨ ਦੇ ਹੱਥ ਵਿੱਚ ਫੜੇ ਡਮਰੂ, ਕ੍ਰਿਸ਼ਨ ਭਗਵਾਨ ਦੇ ਹੱਥ ਵਿੱਚ ਫੜੀ ਬੰਸਰੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬ ਤੋਂ ਨਿਕਲਣ ਵਾਲਾ ਰੂਹਾਨੀ ਸੰਗੀਤ ਇਸਦੀ ਮਿਸਾਲ ਹੈ। ਉਹਨਾਂ ਕਿਹਾ ਕਿ ਸਾਡੇ ਜਿੰਨੇ ਵੀ ਮਹਾਂਪੁਰਸ਼ ਹੋਏ ਹਨ ਉਹਨਾਂ ਸਾਰਿਆਂ ਦੇ ਨਾਲ ਸੰਗੀਤ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਰਿਹਾ ਹੈ ਅਤੇ ਉਹਨਾਂ ਦੀ ਸਿੱਖਿਆ ਤੇ ਚਲਦੇ ਹੋਏ ਅਸੀਂ ਇਸ ਸੰਗੀਤ ਨੂੰ ਅੱਗੇ ਵਧਾ ਰਹੇ ਹਾਂ। ਉਹਨਾਂ ਗਾਇਕ ਨਰਿੰਦਰ ਦੇ ਨਾਲ ਨਾਲ ਸਟੂਡੀਓ ਬਣਾਉਣ ਵਾਲੇ ਉੱਘੇ ਪੰਜਾਬੀ ਗਾਇਕ ਦਲਜੀਤ ਘੜੂੰਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਗਾਇਕ ਨਰਿੰਦਰ ਨੇ ਦਸਿਆ ਕਿ ਉਹ ਉਸਤਾਦ ਹਰਪਾਲ ਸਨੇਹੀ ਅਤੇ ਦਲਜੀਤ ਘੜੂੰਆ ਤੋਂ ਸੰਗੀਤ ਦੀ ਸਿੱਖਿਆਪ੍ਰਾਪਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਨਿਰਦੇਸ਼ਕ ਐਚ ਡੀ ਸਿੰਘ ਦੀ ਪੇਸ਼ਕਸ਼ ਇਸ ਗੀਤ ਦੇ ਬੋਲਾਂ ਨੂੰ ਗੀਤਕਾਰ 22 ਮਾਨ ਨੇ ਲਿਖਿਆ ਹੈ ਅਤੇ ਸੰਗੀਤ ਸਟਰੇਂਜਰ ਸਟੂਡੀਓ ਵੱਲੋਂ ਦਿੱਤਾ ਗਿਆ ਹੈ।
ਇਸਤੋਂ ਪਹਿਲਾਂ ਗਾਇਕ ਦਲਜੀਤ ਸਿੰਘ ਘੜੂੰਆਂ ਨੇ ਬੀਐਨ ਸ਼ਰਮਾ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਪੰਜਾਬੀ ਸੰਗੀਤ ਦੀ ਦੁਨੀਆ ਦ ਮਿਤਾਰੇ ਅਤੇ ਹੋਰ ਪਤਵੰਤੇ ਹਾਜਰ ਸਨ।