ਸਿੰਗਾਪੁਰ, 2 ਸਤੰਬਰ – ਭਾਰਤਵੰਸ਼ੀ ਥਰਮਨ ਸ਼ਣਮੁਗਰਤਨਮ ਸਿੰਗਾਪੁਰ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਚੀਨੀ ਮੂਲ ਦੇ ਦੋ ਹੋਰ ਦਾਅਵੇਦਾਰਾਂ ਨੂੰ ਹਰਾਇਆ। 2011 ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਹੋਈ ਹੈ। ਸ਼ਣਮੁਗਰਤਨਮ 2011 ਤੋਂ 2019 ਤੱਕ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦੀ ਥਾਂ ਲੈਣਗੇ ਜਿਨ੍ਹਾਂ ਦਾ ਛੇ ਸਾਲ ਦਾ ਕਾਰਜਕਾਲ 13 ਸਤੰਬਰ ਨੂੰ ਖ਼ਤਮ ਹੋਵੇਗਾ। ਹਲੀਮਾ ਸਾਲ 2017 ਵਿੱਚ ਬਿਨਾਂ ਵਿਰੋਧ ਰਾਸ਼ਟਰਪਤੀ ਚੁਣੇ ਗਏ ਸਨ।
ਚੋਣ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ 66 ਸਾਲਾ ਸ਼ਣਮੁਗਰਤਨਮ ਨੂੰ 70.4 ਫ਼ੀਸਦੀ ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀਆਂ ਐਨ ਜੀ ਕੋਕ ਸੋਂਗ ਤੇ ਟੈਨ ਕਿਨ ਲਿਆਨ ਨੂੰ ਕ੍ਰਮਵਾਰ 15.7 ਤੇ 13.88 ਫ਼ੀਸਦੀ ਵੋਟਾਂ ਪਈਆਂ। ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਰਾਸ਼ਟਰਪਤੀ ਚੋਣ ਜਿੱਤਣ ਤੇ ਸ਼ਣਮੁਗਰਤਨਮ ਨੂੰ ਵਧਾਈ ਦਿੱਤੀ। ਸ਼ਣਮੁਗਰਤਨਮ ਨੇ ਹਮਾਇਤ ਲਈ ਸਿੰਗਾਪੁਰ ਦੀ ਜਨਤਾ ਦਾ ਧੰਨਵਾਦ ਕੀਤਾ। ਉਹ 2001 ਵਿੱਚ ਸਿਆਸਤ ਵਿੱਚ ਸ਼ਾਮਲ ਹੋਏ ਤੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਦੇ ਨਾਲ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ।