ਨਵੀਂ ਦਿੱਲੀ, 5 ਅਪ੍ਰੈਲ, 2024: ਦਿੱਲੀ ਸ਼ਰਾਬ ਘੁਟਾਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਉਪ ਮੁੱਖ ਮੰਤਰੀ ਤੇ ਆਪ ਆਗੂ ਮਨੀਸ਼ ਸਿਸੋਦੀਆ ਨੇ ਜੇਲ੍ਹਾ ਵਿਚੋਂ ਇਕ ਭਾਵੁਕ ਚਿੱਠੀ ਲਿਖੀ ਹੈ। ਮਨੀਸ਼ ਸਿਸੋਦੀਆ ਨੂੰ 26 ਫਰਵਰੀ 2023 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਜੇਲ੍ਹ ਵਿਚ ਬੰਦ ਹਨ।
ਮਨੀਸ਼ ਸਿਸੋਦੀਆ ਨੇ ਚਿੱਠੀ ਵਿਚ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੂੰ ਤਿਹਾੜ ਜੇਲ੍ਹ ਭੇਜਣ ’ਤੇ ਗੁੱਸਾ ਵੀ ਕੱਢਿਆ ਹੈ। ਉਹਨਾਂ ਲਿਖਿਆ ਹੈ ਕਿ ਜਲਦੀ ਹੀ ਬਾਹਰ ਮਿਲਾਂਗੇ। ਸਿੱਖਿਆ ਕ੍ਰਾਂਤੀ ਜ਼ਿੰਦਾਬਾਦ, ਲਵ ਯੂ ਆਲ, ਪਿਛਲੇ ਇਕ ਸਾਲ ਤੋਂ ਮੈਨੂੰ ਸਭ ਦੀ ਬਹੁਤ ਯਾਦ ਆਈ। ਸਭ ਨੇ ਇਮਾਨਦਾਰੀ ਨਾਲ ਮਿਲ ਕੇ ਕੰਮ ਕੀਤਾ ਹੈ। ਜਿਵੇਂ ਆਜ਼ਾਦੀ ਦੀ ਲੜਾਈ ਲੜੀ, ਉਸੇ ਤਰੀਕੇ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ। ਅੰਗਰੇਜ਼ਾਂ ਦੀ ਤਨਾਸ਼ਾਹੀ ਦੇ ਬਾਵਜੂਦ ਵੀ ਆਜ਼ਾਦੀ ਦਾ ਸੁਫਨਾ ਸੱਚ ਹੋਇਆ, ਉਸੇ ਤਰੀਕੇ ਹਰ ਬੱਚੇ ਨੂੰ ਸਹੀ ਤੇ ਚੰਗੀ ਸਿੱਖਿਆ ਮਿਲੇਗੀ।
ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਹੰਕਾਰ ਸੀ ਤੇ ਅੰਗਰੇਜ਼ ਵੀ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਜੇਲ੍ਹ ਵਿਚ ਬੰਦ ਰੱਖਦੇ ਸਨ। ਅੰਗਰੇਜ਼ਾਂ ਨੇ ਕਈ ਸਾਲ ਤੱਕ ਗਾਂਧੀ ਜੀ ਨੂੰ ਜੇਲ੍ਹ ਵਿਚ ਰੱਖਿਆ। ਅੰਗਰੇਜ਼ਾਂ ਨੇ ਨੈਲਸਨ ਮੰਡੇਲਾ ਨੂੰ ਵੀ ਜੇਲ੍ਹ ਵਿਚ ਰੱਖਿਆ। ਇਹੀ ਲੋਕ ਪ੍ਰੇਰੀ ਪ੍ਰੇਰਣਾ ਹਨ ਤੇ ਤੁਸੀਂ ਸਾਰੇ ਮੇਰੀ ਤਾਕਤ ਹੋ। ਵਿਕਸਤ ਦੇਸ਼ ਹੋਣ ਲਈ ਚੰਗੀ ਸਿੱਖਿਆ, ਸਕੂਲ ਹੋਣੇ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਆਈ। ਹੁਣ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੀ ਖਬਰ ਪੜ੍ਹ ਕੇ ਸਕੂਨ ਮਿਲਿਆ ਹੈ। ਜੇਲ੍ਹ ਵਿਚ ਰਹਿ ਕੇ ਮੇਰਾ ਤੁਹਾਡੇ ਲਈ ਪਿਆਰ ਹੋਰ ਵਘਿਆ ਹੈ। ਮੇਰੀ ਪਤਨੀ ਦਾ ਤੁਸੀਂ ਬਹੁਤ ਖਿਆਲ ਰੱਖਿਆ। ਸੀਮਾ ਤੁਹਾਡੀ ਗੱਲ ਕਰਦਿਆਂ ਭਾਵੁਕ ਹੋ ਜਾਂਦੀ ਹੈ। ਤੁਸੀਂ ਸਾਰੇ ਆਪਣਾ ਖਿਆਲ ਰੱਖੋ।