ਸ੍ਰੀ ਅਨੰਦਪੁਰ ਸਾਹਿਬ:- 27 ਮਾਰਚ 2024- ਸਮੁੱਚੇ ਨਿਹੰਗ ਸਿੰਘ ਦਲਾਂ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੌਮੀ ਤਿਉਹਾਰ ਹੋਲੇ ਮਹੱਲੇ ਤੇ ਮਹੱਲਾ ਕੱਢਣ ਉਪਰੰਤ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਮੇਲਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਦੁਆਰਾ ਭਲੀਭਾਂਤ ਸੁਖੀਸਾਂਦੀ ਨਿਰਵਿਘਨ ਸੰਪੂਰਨ ਹੋ ਗਿਆ ਹੈ। ਸਮੁੱਚੇ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹੋਲੇ ਮਹੱਲੇ ਸਮੇਂ ਦੇਸ਼ ਵਿਦੇਸ਼, ਦੂਰ ਦੁਰਾਡੇ ਤੋਂ ਆਈਆਂ ਗੁਰੂ ਦੀਆਂ ਸੰਗਤਾਂ ਲਈ ਰਹਾਇਸ਼, ਲੰਗਰਾਂ ਦੀ ਟਹਿਲ ਸੇਵਾ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ, ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਸੰਤ ਮਹਾਂਪੁਰਸ਼ਾਂ, ਨਿਰਮਲੇ ਸੰਤਾਂ, ਸਭਾ ਸੁਸਾਇਟੀਆਂ, ਸੇਵਾ ਦਲਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕਾਂ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਮੇਲਾ ਅਕਾਲ ਪੁਰਖ ਦੀ ਦਯਾ ਸਦਕਾ ਸਾਂਤੀ ਪੂਰਨ ਸੰਪੂਰਨ ਹੋਣ ਤੇ ਸਭ ਸੰਗਤਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।