ਫਾਜ਼ਿਲਕਾ 3 ਜੁਲਾਈ 2020 ; ਜਿਲ੍ਹਾ ਫਾਜ਼ਿਲਕਾ ਅੰਦਰ ਸਿੱਖ ਰੈਫਰੈਂਡਮ ਸਬੰਧੀ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਦੀ ਜਿਲ੍ਹਾ ਪੁਲਿਸ ਨੇ ਪਹਿਚਾਣ ਕਰਕੇ ਉਹਨਾਂ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ਼ ਕੀਤਾ ਹੈ ।ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਆਈ ਪੀ ਐੱਸ ਅਨੁਸਾਰ ਸੁਰਿੰਦਰ ਕੁਮਾਰ ਤੋਂ ਸੁਰਿੰਦਰ ਸਿੰਘ ਬਣੇ ਕਥਿਤ ਦੋਸ਼ੀ ਨੇ ਇਹ ਪੋਸਟਰ ਮੇਲ ਰਾਹੀਂ ਪ੍ਰਾਪਤ ਕੀਤੇ ਅਤੇ ਇਹਨਾਂ ਨੂੰ ਸਕੈਨਰ ਤੋਂ ਪ੍ਰਿੰਟ ਕਰਕੇ ਪਿੰਡ ਅੰਦਰ ਚਿਪਕਾਇਆ ।
ਇਸ ਸਬੰਧੀ ਪੁਲਿਸ ਥਾਣਾ ਸਦਰ ਅਬੋਹਰ ਅੰਦਰ ਸੁਰਿੰਦਰ ਸਿੰਘ ਅਤੇ ਉਸਦਾ ਸਾਥ ਦੇਣ ਵਾਲੇ 4 ਹੋਰ ਵਿਅਕਤੀਆਂ ਖਿਲਾਫ਼ ਆਈ ਪੀ ਸੀ ਦੀ ਧਾਰਾ 153 ਅਤੇ 153 ਏ ਅਧੀਨ ਫੌਜਦਾਰੀ ਮੁਕੱਦਮਾ ਦਰਜ਼ ਕੀਤਾ ਗਿਆ ਹੈ ।
ਵਰਨਣਯੋਗ ਹੈ ਕਿ ਸਬ ਡਿਵੀਜ਼ਨ ਅਬੋਹਰ ਦੇ ਪਿੰਡ ਮਲੂਕਪੁਰਾ ਅੰਦਰ ਖਾਲਿਸਤਾਨ ਪੱਖੀ 100 ਦੇ ਕਰੀਬ ਪੋਸਟਰ ਚਿਪਕਾਏ ਗਏ ਸੀ । ਪੋਸਟਰਾਂ ਵਿੱਚ ਲਿਖਿਆ ਗਿਆ ਸੀ ਕਿ “ਮੈਂ ਪੰਜਾਬ ਹਾਂ। ਮੈਂ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਹਾਂ । ਸਿੱਖਾਂ ਦੇ ਸਾਰੇ ਮਸਲੇ ਤਾਂ ਖਾਲਿਸਤਾਨ ਵਿੱਚ ਹੀ ਹੱਲ ਹੋਣਗੇ ।”
ਇਨ੍ਹਾਂ ਪੋਸਟਰਾਂ ਉੱਪਰ ਖਾਲਿਸਤਾਨ ਦਾ ਝੰਡਾ ਵੀ ਛਾਪਿਆ ਹੋਇਆ ਸੀ। ਐੱਸ.ਐੱਸ.ਪੀ ਅਨੁਸਾਰ ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਇਹਨਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ।