ਚੰਡੀਗੜ੍ਹ, 4 ਜੁਲਾਈ, 2020 : ਪੰਜਾਬ ਪੁਲਿਸ ਦੇ ਡੀ ਜੀ ਪੀ ਨੇ ਜੱਦੀ ਜ਼ਿਲਿਆਂ ਵਿਚ ਤਾਇਨਾਤ ਪ੍ਰੋਬੇਸ਼ਨਰੀ ਸਬ ਇੰਸਪੈਕਟਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਇਸ ਵੇਲੇ 330 ਪ੍ਰੋਬੇਸ਼ਨਰ ਸਬ ਇੰਸਪੈਕਟਰ ਆਪਣੇ ਜੱਦੀ ਜ਼ਿਲਿਆਂ ਵਿਚ ਤਾਇਨਾਤ ਹਨ।
ਪੰਜਾਬ ਪੁਲਿਸ ਰੂਲਜ਼ 1934 ਦੇ ਰੂਲ 14.47 ਅਨੁਸਾਰ ਇੰਸਪੈਕਟਰਜ਼ ਅਤੇ ਐਸ ਆਈਜ਼ ਨੂੰ ਜੱਦੀ ਜ਼ਿਲਿਆਂ ਵਿਚ ਤਾਇਨਾਤ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹਨਾਂ 330 ਸਬ ਇੰਸਪੈਕਟਰਾਂ ਦੇ ਤਬਾਦਲੇ ਤੁਰੰਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬਾਰਡਰ ਰੇਂਜ/ਕਮਿਸ਼ਨਰੇਟ ਅੰਮ੍ਰਿਤਸਰ, ਜਲੰਧਰ ਰੇਂਜ/ਕਮਿਸ਼ਨਰੇਟ ਜਲੰਧਰ ਅਤੇ ਲੁਧਿਆਣਾ ਰੇਂਜ ਕਮਿਸ਼ਨਰੇਟ ਨੂੰ ਇਕੱਠਾ ਮੰਨ ਕੇ ਆਪਸੀ ਤਾਲਮੇਲ ਨਾਲ ਬਦਲੀਆਂ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਅੱਗੇ ਤੋਂ ਜੇਕਰ ਕਿਸੇ ਰੇਂਜ/ਕਮਿਸ਼ਨਰੇਟ ਦਫਤਰ ਵੱਲੋਂ ਕਿਸੇ ਪ੍ਰੋਬੇਸ਼ਨਰ ਐਸ ਆਈ ਨੂੰ ਉਸਦੇ ਜੱਦੀ ਜ਼ਿਲੇ ਵਿਚ ਤਾਇਨਾਤ ਕੀਤਾ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਸਬੰਧਤ ਰੇਂਜ/ਕਮਿਸ਼ਨਰੇਟ ਮੁਖੀ ਦੀ ਹੋਵੇਗੀ।