ਲੁਧਿਆਣਾ, 27 ਫਰਵਰੀ – ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੇ ਉਕਤ ਮਾਮਲੇ ਦੇ ਗਵਾਹ ਦਾ ਗੋਲੀਆਂ ਮਾਰ ਕੇ ਕਰ ਦਿੱਤਾ। ਜਦਕਿ ਉਸਦਾ ਦੂਜਾ ਸਾਥੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕ ਦਾ ਨਾਂ ਸੂਰਜ ਸ਼ਰਮਾ ਉਰਫ ਬਾਬੂ ਹੈ ਅਤੇ ਜ਼ਖਮੀ ਦਾ ਨਾਂ ਹਰਪ੍ਰੀਤ ਸਿੰਘ ਜਗਰਾਓਂ ਹੈ, ਜੋ ਹਸਪਤਾਲ ਵਿੱਚ ਦਾਖਲ ਹੈ। ਇਸ ਮਾਮਲੇ ਵਿਚ ਪੁਲੀਸ ਨੇ ਮੁਲਜ਼ਮ ਗਰੁੱਪ ਦੇ ਗੈਂਗਸਟਰਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਦੇਵਾਂ ਪਾਸਿਓਂ ਤਾਬੜਤੋੜ ਗੋਲੀਆਂ ਚੱਲਣ ਕਾਰਣ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਵਾਪਰੀ। ਪਿਛਲੇ ਸਾਲ ਸੁੱਖਾ ਬਾੜੇਵਾਲੀਆ ਦਾ ਉਸ ਦੇ ਸਾਥੀਆਂ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੂਰਜ ਸ਼ਰਮਾ ਉਕਤ ਮਾਮਲੇ ਦਾ ਮੁੱਖ ਗਵਾਹ ਸੀ। ਮੁਲਜ਼ਮਾਂ ਨੇ ਕੇਸ ਵਿਚ ਬਚਣ ਲਈ ਦੇਰ ਰਾਤ ਮੁੱਖ ਗਵਾਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਤੋਂ ਬਾਅਦ ਪੀ. ਏ. ਯੂ. ਪੁਲੀਸ ਮੌਕੇ ਤੇ ਪਹੁੰਚ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।