ਚੰਡੀਗੜ੍ਹ , 20 ਫ਼ਰਵਰੀ 2024: ਪੰਜਾਬ ਸਰਕਾਰ ਨੇ ਸੋਮਵਾਰ ਸ਼ਾਮ ਚੰਡੀਗੜ੍ਹ ਭਾਜਪਾ ਦੇ ਉਪ ਪ੍ਰਧਾਨ ਦੇਵੇਂਦਰ ਸਿੰਘ ਬਬਲਾ ਦੇ ਮੁੱਲਾਂਪੁਰ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਹੈ। ਫਾਰਮ ਹਾਊਸ ਦੀ ਵਪਾਰਕ ਵਰਤੋਂ ਲਈ ਇਹ ਕਾਰਵਾਈ ਕੀਤੀ ਗਈ।
ਆਪਣੇ ਫਾਰਮ ਹਾਊਸ ਨੂੰ ਸੀਲ ਕੀਤੇ ਜਾਣ ਤੋਂ ਬਾਅਦ, ਬਬਲਾ ਨੇ ਆਪਣਾ ਗੁੱਸਾ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਕੱਢਿਆ। ਬਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ। ‘ਆਪ’ ਦੇ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਲਈ ਕਿਹਾ।
ਬਬਲਾ ਅਨੁਸਾਰ ‘ਆਪ’ ਆਗੂ ਚਾਹੁੰਦੇ ਸਨ ਕਿ ਉਹ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਹਰਪ੍ਰੀਤ ਕੌਰ ਦੋਵੇਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ‘ਤੇ ਦਬਾਅ ਬਣਾਉਣ ਲਈ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ।
















