ਨਵੀਂ ਦਿੱਲੀ, 2 ਜੁਲਾਈ 2020 – ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਸਰ ਏਵਰਟਨ ਵੀਕਸ ਦੀ ਮੌਤ ਹੋ ਗਈ ਹੈ। ਪਿਛਲੇ ਸਾਲ 2019 ‘ਚ ਵੀਕਸ ਨੂੰ ਹਾਰਟ ਅਟੈਕ ਆਇਆ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਖਰਾਬ ਰਹਿਣ ਲੱਗੀ ਸੀ। ਵਰਟਨ ਵੀਕਸ 95 ਸਾਲਾਂ ਦੇ ਸਨ। ਏਵਰਟਨ ਵੀਕਸ ਨੂੰ ਵੈਸਟਇੰਡੀਜ਼ ਵਿਚ ਖੇਡਾਂ ਦੇ ਫਾਊਂਡਿੰਗ ਫਾਦਰ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਲਗਪਗ 10 ਸਾਲ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਸੀ।
ਵੀਕਸ ਨੇ ਆਪਣੇ ਕ੍ਰਿਕਟ ਕੈਰੀਅਰ ਦੇ ਦਸ ਸਾਲਾਂ ਦੌਰਾਨ (1948-1958) ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ‘ਚ 48 ਟੈਸਟ ਮੈਚਾਂ ਵਿਚ 58.61 ਦੀ ਬਹੁਤ ਪ੍ਰਭਾਵਸ਼ਾਲੀ ਔਸਤ ਨਾਲ 4,455 ਦੌੜਾਂ ਬਣਾਈਆਂ। ਵੀਕਸ ਦਾ ਟੈਸਟ ਮੈਚਾਂ ਵਿੱਚ ਸਰਵਉੱਚ ਦੌੜਾਂ ਦਾ ਸਕੋਲ 207 ਹੈ ਅਤੇ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ 15 ਸੈਂਕੜੇ ਲਗਾਏ ਸੀ।
ਇਨ੍ਹਾਂ ਹੀ ਨਹੀਂ ਵੀਕਸ ਨੇ ਲਗਾਤਾਰ ਪੰਜ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਦਰਜ ਕੀਤਾ ਹੈ। ਵੀਕਸ ਨੇ ਆਪਣੇ ਕਰੀਅਰ ਦੇ ਚੌਥੇ ਟੈਸਟ ਮੈਚ ਵਿੱਚ 141 ਦੌੜਾਂ ਬਣਾਈਆਂ ਅਤੇ ਭਾਰਤ ਦੇ ਦੌਰੇ ਦੌਰਾਨ ਉਨ੍ਹਾਂ ਨੇ ਲਗਾਤਾਰ 128, 194, 162 ਅਤੇ 101 ਦੌੜਾਂ ਦੀ ਪਾਰੀ ਖੇਡੀ। ਵੀਕਸ ਲਗਾਤਾਰ ਛੇਵਾਂ ਸੈਂਕੜਾ ਵੀ ਲਾ ਸਕਦੇ ਸਨ, ਪਰ ਬਦਕਿਸਮਤੀ ਨਾਲ ਉਹ 90 ਦੌੜਾਂ ਬਣਾ ਕੇ ਆਊਟ ਹੋ ਗਏ।