ਔਕਲੈਂਡ, 2 ਜੁਲਾਈ 2020 – ਨਿਊਜ਼ੀਲੈਂਡ ਸਰਕਾਰ ਨੇ ਅਕਤੂਬਰ 2018 ਦੇ ਵਿਚ ‘ਨਿਊਜ਼ੀਲੈਂਡ ਸੁਪਰਏਨੂਏਸ਼ਨ ਐਂਡ ਰਿਟਾਇਰਮੈਂਟ ਇਨਕਮ (ਫੇਅਰ ਰੈਜ਼ੀਡੈਂਸੀ) ਅਮੈਂਡਮੈਂਟ ਬਿੱਲ’ ਪੇਸ਼ ਕੀਤਾ ਸੀ ਜਿਸ ਦਾ ਮੁੱਖ ਮਕਸਦ ਸੀ ਕਿ ਜੇਕਰ ਕੋਈ ਕਿਸੇ ਹੋਰ ਦੇਸ਼ ਤੋਂ ਨਿਊਜ਼ੀਲੈਂਡ ਆ ਕੇ ਸੈਟਲ ਹੁੰਦਾ ਹੈ ਤਾਂ ਉਹ ਪੱਕਾ ਹੋਣ ਤੋਂ ਬਾਅਦ ਘੱਟੋ ਘੱਟ 20 ਸਾਲ ਇੱਥੇ ਰਹਿਣ ਦੇ ਬਾਅਦ ਸਰਕਾਰੀ ਪੈਨਸ਼ਨ ਦਾ ਹੱਕਦਾਰ ਹੋਣਾ ਚਾਹੀਦਾ ਹੈ। ਇਹ ਪ੍ਰਾਈਵੇਟ ਬਿਲ ਬੀਤੇ ਕੱਲ੍ਹ ਪੌਣੇ ਕੁ 2 ਸਾਲ ਬਾਅਦ ਵਾਰੀ ਆਉਣ ‘ਤੇ ਪਹਿਲੀ ਪੜ੍ਹਤ ਦੇ ਵਿੱਚ ਪਾਸ ਹੋ ਗਿਆ ਹੈ ਅਤੇ ਹੁਣ ਸਿਲੈਕਟ ਕਮੇਟੀ ਦੇ ਕੋਲ ਪਹੁੰਚ ਗਿਆ ਹੈ। ਇਸਦੇ ਪਾਸ ਹੋਣ ਦਾ ਸਫਰ ਅਜੇ ਹੋਰ ਜਾਰੀ ਰਹਿਣਾ ਹੈ ਅਤੇ ਆਖਰੀ ਮੋਹਰ ਇੰਗਲੈਂਡ ਤੋਂ ਮਹਾਰਾਣੀ ਦੀ ਲੱਗਣੀ ਹੈ।
ਬਿੱਲ ਦੇ ਪਾਸ ਹੋਣ ਬਾਅਦ ਜੋ ਵੀ ਆਪਣੀ ਉਮਰ ਦੇ 20 ਸਾਲ ਪਾਰ ਕਰਨ ਉਪਰੰਤ ਅਗਲੇ 20 ਸਾਲ ਤੱਕ ਇਥੇ ਰਹੇਗਾ ਉਹ ਹੀ 65 ਸਾਲ ਦੀ ਉਮਰ ਪਾਰ ਕਰਨ ਬਾਅਦ ਪੈਨਸ਼ਨ ਲੈਣ ਦਾ ਹੱਕਦਾਰ ਹੋਵੇਗਾ। ਇਸ ਵੇਲੇ ਜੇਕਰ ਕੋਈ ਇਥੇ ਆ ਕੇ ਵਸਦਾ ਹੈ ਤਾਂ 10 ਸਾਲ ਪੱਕਿਆਂ ਹੋਣ ਬਾਅਦ 65 ਦੀ ਉਮਰ ਹੁੰਦਿਆ ਹੀ ਪੈਨਸ਼ਨ ਲੈਣ ਲਗਦਾ ਸੀ। ਇਨ੍ਹਾਂ ਮੌਜਾਂ ਦੀ ਖੋਜ ਕਰਨ ਵਾਲਿਆਂ ਨੇ ਹਿਸਾਬ ਲਾਇਆ ਕਿ ਜਿਹੜਾ 55 ਸਾਲ ਦੀ ਉਮਰ ਵਿਚ ਆ ਕੇ ਪੱਕਾ ਹੁੰਦਾ ਹੈ ਉਹ ਇਕ ਤਾਂ ਇਥੇ ਕੰਮ ਨਹੀਂ ਕਰਦਾ, ਦੇਸ਼ ਨੂੰ ਕੋਈ ਟੈਕਸ ਅਦਾ ਨਹੀਂ ਕਰਦਾ ਅਤੇ ਫਿਰ 10 ਸਾਲ ਰਹਿਣ ਬਾਅਦ ਪੈਨਸ਼ਨ ਲੈਣ ਲਗਦਾ ਹੈ। ਔਸਤਨ ਉਮਰ ਦੇ ਹਿਸਾਬ ਨਾਲ ਪੈਨਸ਼ਨ ਧਾਰਕ ਲਗਪਗ 480,000 ਡਾਲਰ ਪੈਨਸ਼ਨ ਵਜੋਂ ਆਪਣੇ ਜੀਵਨ ਦੇ ਵਿਚ ਲੈ ਜਾਂਦਾ ਹੈ। ਇਸ ਸਾਰੇ ਸਿਸਟਮ ਨੂੰ ‘ਫੇਅਰ ਰੈਜੀਡੈਂਸੀ’ ਦਾ ਨਾਂਅ ਦਿੱਤਾ ਗਿਆ ਹੈ।
ਕੀ ਹੈ ਪੈਨਸ਼ਨ ਦਾ ਰੁਤਬਾ: ਪੈਨਸ਼ਨ ਦੇ ਰੁਤਬੇ ਨੂੰ ਸਰਕਾਰਾਂ ਇੱਜਤ ਦੇ ਨਾਲ ਵੇਖਦੀਆਂ ਹਨ। ਤੁਹਾਨੂੰ ਹਫਤਾਵਾਰੀ ਜਾਂ ਪੰਦਰਵਾੜੇ ਅਨੁਸਾਰ ਪੱਕੀ ਪੈਨਸ਼ਨ ਤੁਹਾਡੇ ਜੀਵਨ ਅੰਤ ਤੱਕ ਦਿੱਤੀ ਜਾਂਦੀ ਹੈ। ਇਹ ਉਸ ਸਾਰੇ ਕੁੱਝ ਦਾ ਇਨਾਮ ਹੈ ਜੋ ਤੁਸੀਂ ਦੇਸ਼ ਲਈ ਕੀਤਾ, ਸਰਕਾਰ ਤੁਹਾਡੇ ਯੋਗਦਾਨ ਰਸੀਦ ਕਰਦੀ ਹੈ। 2500 ਅਜਿਹੇ ਕੀਵੀ ਵੀ ਹਨ ਜਿਨ੍ਹਾਂ ਦੀ ਸਲਾਨਾ ਆਮਦਨੀ 3 ਲੱਖ ਤੋਂ ਉਪਰ ਹੈ ਪਰ ਉਹ 65 ਸਾਲ ਹੋਣ ਉਤੇ ਪੈਨਸ਼ਨ ਲੈਣ ਤੋਂ ਇਨਕਾਰੀ ਨਹੀਂ ਹੁੰਦੇ। ਸਰਕਾਰ ਹਰ ਸਾਲ 15 ਬਿਲੀਅਨ ਡਾਲਰ ਇਸ ਉੱਤੇ ਖਰਚ ਕਰਦੀ ਹੈ। ਸਰਕਾਰ ਹੁਣ ਪੈਨਸ਼ਨ ਵਾਲੇ ਬੂਟੇ ਦੇ ਫਲ ਖਾਣ ਨੂੰ ਐਨਾ ਸੌਖਾ ਨਹੀਂ ਰਹਿਣ ਦੇਵੇਗੀ ਸਗੋਂ ਪੱਕੇ ਹੋਣ ਬਾਅਦ 20 ਸਾਲ ਤੱਕ ਪਾਣੀ ਦੇਣਾ ਪਵੇਗਾ।