ਨਵੀਂ ਦਿੱਲੀ – ਕਰੁਣਾਲ ਪੰਡਯਾ ਨੇ ਆਪਣੇ ਡੈਬਿਊ ਵਨ-ਡੇ ’ਚ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਨੇ 26 ਗੇਂਦ ’ਤੇ ਅਰਧ ਸੈਂਕੜਾ ਪੂਰਾ ਕੀਤਾ। ਇਹ ਬਤੌਰ ਭਾਰਤੀ ਬੱਲੇਬਾਜ਼ ਡੈਬਿਊ ਮੈਚ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਕਰੁਣਾਲ ਦੀ ਪਾਰੀ ਦੇ ਦਮ ’ਤੇ ਟੀਮ ਇੰਡੀਆ ਨੇ ਪਹਿਲੇ ਵਨ-ਡੇ (ਭਾਰਤ ਬਨਾਮ ਇੰਗਲੈਂਡ) ’ਚ 5 ਵਿਕਟਾਂ ’ਤੇ 317 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ। ਕੇ. ਐੱਲ. ਰਾਹੁਲ ਤੇ ਸ਼ਿਖਰ ਧਵਨ ਨੇ ਵੀ ਸ਼ਾਨਦਾਰ ਪਾਰੀ ਖੇਡੀ।ਕਰੁਣਾਲ ਪੰਡਯਾ ਜਦੋਂ ਬੱਲੇਬਾਜ਼ੀ ਕਰਨ ਉਤਰੇ ਉਦੋਂ ਟੀਮ ਦਾ ਸਕੋਰ 5 ਵਿਕਟਾਂ ’ਤੇ 205 ਦੌੜਾਂ ਸੀ ਤੇ 57 ਗੇਂਦਾਂ ਬਾਕੀ ਸਨ। ਇਸ ਤੋਂ ਬਾਅਦ ਕਰੁਣਾਲ ਪੰਡਯਾ ਨੇ (58) ਤੇ ਲੋਕੇਸ਼ ਰਾਹੁਲ (62) ਨੇ ਸ਼ਾਨਦਾਰ ਪਾਰੀ ਖੇਡ ਸਕੋਰ 300 ਦੌੜਾਂ ਦੇ ਪਾਰ ਪਹੁੰਚਾਇਆ। ਪੰਡਯਾ ਨੇ ਪਾਰੀ ’ਚ 31 ਗੇਂਦ ਦਾ ਸਾਹਮਣਾ ਕੀਤਾ ਤੇ 7 ਚੌਕੇ ਤੇ 2 ਛੱਕੇ ਲਾਏ ਜਦਕਿ ਰਾਹੁਲ ਨੇ 43 ਗੇਂਦ ਦਾ ਸਾਹਮਣਾ ਕੀਤਾ ਤੇ 4 ਚੌਕੇ ਤੇ 4 ਛੱਕੇ ਲਾਏ। ਦੋਹਾਂ ਨੇ 9.3 ਓਵਰ ’ਚ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 98 ਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਬਣਾਈਆਂ।