ਮਾਲੇਰਕੋਟਲਾ 04 ਜਨਵਰੀ 2024: ਪੰਜਾਬ ਵਕਫ਼ ਬੋਰਡ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਾਨਦਾਰ ਕੰਮ ਕਰ ਰਿਹਾ ਹੈ। ਜਦੋਂ ਤੋਂ ਵਕਫ਼ ਬੋਰਡ ਦੀ ਕਮਾਨ ਪੰਜਾਬ ਦੇ ਇਮਾਨਦਾਰ ਸੀਨੀਅਰ ਪੁਲਿਸ ਅਧਿਕਾਰੀ ਏਡੀਜੀਪੀ ਐਮਐਫ ਫਾਰੂਕੀ ਆਈਪੀਐਸ ਨੂੰ ਸੌਂਪੀ ਗਈ ਹੈ, ਪੰਜਾਬ ਵਕਫ਼ ਬੋਰਡ ਨੇ ਪੰਜਾਬ ਵਿੱਚ ਮੁਸਲਿਮ ਭਾਈਚਾਰੇ ਦੀ ਬਿਹਤਰੀ ਲਈ ਕਈ ਵੱਡੇ ਫੈਸਲੇ ਲਏ ਹਨ। ਇੱਕ ਵਾਰ ਫਿਰ ਪੰਜਾਬ ਵਕਫ਼ ਬੋਰਡ ਵੱਲੋਂ ਪੰਜਾਬ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਦੇ ਵਿਕਾਸ ਲਈ 1 ਕਰੋੜ 85 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ। ਮੁਸਲਿਮ ਭਾਈਚਾਰੇ ਨੇ ਇਸ ਦਾ ਸਿੱਧਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਏਡੀਜੀਪੀ ਐਮਐਫ ਫਾਰੂਕੀ ਨੂੰ ਦਿੱਤਾ ਹੈ। ਭਾਈਚਾਰੇ ਨੇ ਕਿਹਾ ਕਿ ਪਹਿਲਾਂ ਵੀ ਕਈ ਚੇਅਰਮੈਨ ਹੋ ਚੁੱਕੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਅਜਿਹੇ ਲੋਕ ਪੱਖੀ ਫੈਸਲੇ ਨਹੀਂ ਲਏ। ਵਕਫ਼ ਬੋਰਡ ਦੀਆਂ ਕੀਮਤੀ ਜ਼ਮੀਨਾਂ ਨੂੰ ਕਾਨੂੰਨੀ ਸਾਧਨਾਂ ਰਾਹੀਂ ਲਗਾਤਾਰ ਆਜ਼ਾਦ ਕਰਵਾ ਕੇ ਵਕਫ਼ ਦੀ ਕਮਾਈ ਵਿੱਚ ਕਰੋੜਾਂ ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਕਾਸ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਏਡੀਜੀਪੀ ਐੱਮਐੱਫ ਫਾਰੂਕੀ ਨੇ ਦੱਸਿਆ ਕਿ 1 ਕਰੋੜ 85 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਜਾਰੀ ਕੀਤੀ ਗਈ ਹੈ, ਕਰੀਬ 60 ਫਾਈਲਾਂ ਪਾਸ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੁਸਲਿਮ ਭਾਈਚਾਰੇ ਦੀ ਬਿਹਤਰੀ ਸਬੰਧੀ ਅਹਿਮ ਫੈਸਲੇ ਲਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਸਿੱਖਿਆ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ। ਵਰਨਣਯੋਗ ਹੈ ਕਿ ਪੰਜਾਬ ਵਕਫ਼ ਬੋਰਡ ਨੇ ਵੀ ਪਿਛਲੇ ਕੁਝ ਮਹੀਨਿਆਂ ਤੋਂ ਸੂਬੇ ਵਿੱਚ ਤਦਫੀਨ ਵੈਨਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਪਹਿਲੇ ਪੜਾਅ ਵਿੱਚ ਜਲੰਧਰ ਨੂੰ 2 ਵੈਨਾਂ ਪ੍ਰਾਪਤ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅੱਧੀ ਦਰਜਨ ਤੋਂ ਵੱਧ ਵੈਨਾਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਵੀ ਪੰਜਾਬ ਵਕਫ਼ ਬੋਰਡ ਵੱਲੋਂ 1 ਕਰੋੜ 97 ਲੱਖ ਰੁਪਏ ਦੀ ਵਿਕਾਸ ਗਰਾਂਟ ਜਾਰੀ ਕੀਤੀ ਗਈ ਸੀ।