ਹਰਿਆਣਾ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਆਸਟ੍ਰੇਲੀਆ ਦੀ ਇਕ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਨੌਜਵਾਨ ਦੀ ਰਿਹਾਈ ਲਈ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਕਿਹਾ ਹੈ। ਰੋਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਦੀ ਰਿਹਾਈ ਲਈ ਕਰਨਾਲ ਅਤੇ ਹਰਿਆਣਾ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਹੋਏ ਹਨ। ਸੂਬੇ ਦੇ ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਡਾਇਰੈਕਟੋਰੇਟ ਤੋਂ ਇਕ ਟਵੀਟ ਵਿੱਚ ਕਿਹਾ ਗਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਹਰਿਆਣਵੀ ਨੌਜਵਾਨ ਵਿਸ਼ਾਲ ਜੂਦ ਦੀ ਰਿਹਾਈ ਯਕੀਨੀ ਕਰਨ ਲਈ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਕਿਹਾ ਹੈ ਜੋ ਫ਼ਿਲਹਾਲ ਆਸਟ੍ਰੇਲੀਆ ਦੀ ਜੇਲ੍ਹ ਵਿੱਚ ਬੰਦ ਹੈ।ਉਨ੍ਹਾਂ ਕਿਹਾ ਕਿ ਸਿਡਨੀ ਵਿੱਚ ਤਿਰੰਗੇ ਦੇ ਮਾਣ ਲਈ ਹਰਿਆਣਾ ਦੇ ਨੌਜਵਾਨ ਵਿਸ਼ਾਲ ਜੂਦ ਨੇ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਦ੍ਰਿੜਤਾ ਨਾਲ ਲੜਾਈ ਕੀਤੀ ਅਤੇ ਤਿਰੰਗੇ ਦਾ ਅਪਮਾਨ ਨਹੀਂ ਹੋਣ ਦਿੱਤਾ। ਵਿਸ਼ਾਲ ਦੇ ਸਮਰਥਨ ਵਿੱਚ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਹੋ ਰਹੇ ਹਨ। ਵਿਸ਼ਾਲ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਰਾਸ਼ਟਰ ਵਿਰੋਧੀ ਤਾਕਤਾਂ ਨੇ ਉਸ ਨੂੰ ਕੁੱਟਿਆ ਅਤੇ ਬਾਅਦ ਵਿੱਚ ਇਕ ਝੂਠੇ ਮਾਮਲੇ ਵਿੱਚ ਉਸ ਨੂੰ ਫਸਾਇਆ ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨੌਜਵਾਨ ਦੀ ਰਿਹਾਈ ਲਈ ਕਦਮ ਚੁੱਕਣ ਨੂੰ ਲੈ ਕੇ ਖੱਟੜ ਨੂੰ ਭਰੋਸਾ ਦਿਵਾਇਆ ਹੈ।