ਵਿਸ਼ਾਖਾਪਟਨਮ, 29 ਦਸੰਬਰ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਖੁਦਕੁਸ਼ੀ ਕਰ ਲਈ, ਉੱਥੇ ਹੀ ਇਕ ਮੈਂਬਰ ਹਸਪਤਾਲ ਵਿੱਚ ਦਾਖ਼ਲ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਘਟਨਾ ਵਿਸ਼ਾਖਾਪਟਨਮ ਦੇ ਅਨਾਕਾਪੱਲੇ ਜ਼ਿਲ੍ਹੇ ਦੀ ਹੈ। ਉਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਿਵ ਰਾਮਕ੍ਰਿਸ਼ਨ, ਉਨ੍ਹਾਂ ਦੀ ਪਤਨੀ ਮਾਧਵੀ ਅਤੇ 2 ਧੀਆਂ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਦੀ ਤੀਜੀ ਧੀ ਹਸਪਤਾਲ ਵਿੱਚ ਦਾਖਲ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਕ੍ਰਿਸ਼ਨ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਤੋਂ ਸੁਨਾਰ ਸੀ। ਉਹ ਕੁਝ ਸਾਲ ਪਹਿਲੇ ਕੰਮ ਦੇ ਸਿਲਸਿਲੇ ਵਿੱਚ ਅਨਾਕਾਪੱਲੇ ਸ਼ਹਿਰ ਆਇਆ ਸੀ ਅਤੇ ਇੱਥੇ ਇਕ ਫਲੈਟ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲੱਗਾ। ਪੁਲੀਸ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਬੀਤੀ ਰਾਤ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਨ ਕੀਤਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਵਿੱਚੋਂ ਚਾਰ ਮੈਂਬਰ ਮ੍ਰਿਤ ਮਿਲੇ। ਉਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।