ਕਪੂਰਥਲਾ, 29 ਦਸੰਬਰ – ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਅਤੇ ਮਹਾਰਾਣੀ ਕਪੂਰਥਲਾ ਗੀਤਾ ਦੇਵੀ ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ। ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਗਈਆਂ ਉੱਚ-ਸਤਿਕਾਰ ਵਾਲੀਆਂ ਔਰਤਾਂ ਵਿਚ ਗਿਣਿਆ ਜਾਂਦਾ ਸੀ। ਮਹਾਰਾਣੀ ਗੀਤਾ ਦੇਵੀ ਦਾ ਅੰਤਿਮ ਸੰਸਕਾਰ 30 ਦਸੰਬਰ ਦੁਪਹਿਰ 3 ਵਜੇ ਲੋਧੀ ਸ਼ਮਸ਼ਾਨਘਾਟ, ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।
ਮਹਾਰਾਣੀ ਗੀਤਾ ਦੇਵੀ ਦੇ ਅਕਾਲ ਚਲਾਣੇ ਬਾਰੇ ਉਨ੍ਹਾਂ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਨੂੰ ਬੀਤੀ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ।